The Khalas Tv Blog Punjab ਬੀਜੇਪੀ ਲੀਡਰ ਨੇ ਆਪਣੀ ਹੀ ਪਾਰਟੀ ਨੂੰ ਕਿਸ ਮੁੱਦੇ ‘ਤੇ ਦਿੱਤਾ 15 ਦਿਨਾਂ ਦਾ ਅਲਟੀਮੇਟਮ
Punjab

ਬੀਜੇਪੀ ਲੀਡਰ ਨੇ ਆਪਣੀ ਹੀ ਪਾਰਟੀ ਨੂੰ ਕਿਸ ਮੁੱਦੇ ‘ਤੇ ਦਿੱਤਾ 15 ਦਿਨਾਂ ਦਾ ਅਲਟੀਮੇਟਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਭਾਜਪਾ ਲੀਡਰ ਅਨਿਲ ਜੋਸ਼ੀ ਨੇ ਆਪਣੀ ਹੀ ਪਾਰਟੀ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਬੀਜੇਪੀ 15 ਦਿਨਾਂ ਵਿੱਚ ਕਿਸਾਨਾਂ ਦੇ ਮੁੱਦੇ ‘ਤੇ ਆਪਣਾ ਸਟੈਂਡ ਸਾਫ ਕਰੇ। ਜੋਸ਼ੀ ਨੇ ਕਿਹਾ ਕਿ ਜੇ ਭਾਜਪਾ ਨੇ ਜਵਾਬ ਨਾ ਦਿੱਤਾ ਤਾਂ ਉਹ ਪੰਜਾਬ ਭਰ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਵਰਕਰਾਂ ਦੇ ਨਾਲ ਰਾਬਤਾ ਕਰਨਗੇ, ਜੋ ਕਿਸਾਨ ਅੰਦੋਲਨ ਦਾ ਹੱਲ ਕਰਨਾ ਚਾਹੁੰਦੇ ਹਨ।

ਕੱਲ੍ਹ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ‘ਉੱਚੇ ਅਹੁਦੇ ਵਾਲਿਆਂ ਨੂੰ ਕਿਸਾਨਾਂ ਦੇ ਹਾਲ ਦਾ ਪਤਾ ਨਹੀਂ ਹੈ। 2022 ਦੀਆਂ ਚੋਣਾਂ ਵਿੱਚ ਬੀਜੇਪੀ ਨੂੰ ਇਸਦਾ ਨੁਕਸਾਨ ਝੱਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਹਾਈਕਮਾਨ ਤੱਕ ਵੀ ਮੈਂ ਆਪਣੀ ਗੱਲ ਪਹੁੰਚਾਈ ਸੀ ਪਰ ਕਿਸੇ ਨੇ ਮੇਰੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ’। ਉਨ੍ਹਾਂ ਕਿਹਾ ਕਿ ‘ਦਿੱਲੀ ਬਾਰਡਰਾਂ ‘ਤੇ ਕਿਸਾਨਾਂ ਨੇ ਸਰਦੀਆਂ ਝੱਲੀਆਂ, ਲੰਮਾ ਸੰਘਰਸ਼ ਹੋ ਗਿਆ, ਦਿੱਲੀ ਬਾਰਡਰਾਂ ‘ਤੇ 6 ਮਹੀਨੇ ਹੋ ਗਏ, 500 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ, ਸਰਕਾਰ ਨੂੰ ਕੁੱਝ ਤਾਂ ਦਰਦ ਉੱਠਣਾ ਹੀ ਚਾਹੀਦਾ ਹੈ। ਅਸੀਂ ਪੰਜਾਬ ਵਿੱਚ ਰਹਿੰਦੇ ਹਾਂ, ਪਿੰਡਾਂ ਵਿੱਚ ਰਹਿੰਦੇ ਹਾਂ, ਕਿਸਾਨੀ ਕਰਕੇ ਇੱਥੇ ਤੱਕ ਆਏ ਹਾਂ’।

ਹਰਜੀਤ ਗਰੇਵਾਲ ਨੇ ਕੀ ਕਿਹਾ

ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਅਨਿਲ ਜੋਸ਼ੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਜੋਸ਼ੀ ਇਸ ਤਰ੍ਹਾਂ ਦੀ ਗੱਲ ਕਿਉਂ ਕਰ ਰਹੇ ਹਨ, ਇਸ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਜੋਸ਼ੀ ਪਾਰਟੀ ਦੇ ਪੱਕੇ ਕਾਰਜ ਕਰਤਾ ਹਨ, ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਗੱਲ ਸਮਝਣ ਵਿੱਚ ਕੋਈ ਦਿੱਕਤ ਆਈ ਹੋਣੀ ਹੈ। ਉਹ ਪਾਰਟੀ ਨੂੰ ਚਿਤਾਵਨੀ ਨਹੀਂ ਦੇ ਸਕਦੇ। ਪਾਰਟੀ ਨੇ ਉਨ੍ਹਾਂ ਨੂੰ ਬਹੁਤ ਮਾਣ-ਸਤਿਕਾਰ ਦਿੱਤਾ ਹੈ। ਮੈਂ ਉਨ੍ਹਾਂ ਦੇ ਨਾਲ ਗੱਲ ਕਰਕੇ ਉਨ੍ਹਾਂ ਨੂੰ ਸਮਝਾਵਾਂਗਾ।

Exit mobile version