ਲੁਧਿਆਣਾ ਵਿੱਚ ਸੋਮਵਾਰ ਦੇਰ ਰਾਤ ਇੱਕ ਐਨਆਰਆਈ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਰਿੰਦਰ ਸਿੰਘ (42) ਵਜੋਂ ਹੋਈ ਹੈ। ਬਰਿੰਦਰ ਆਪਣੇ ਨੌਕਰ ਨਾਲ ਫਾਰਮ ਹਾਊਸ ਠਾਕੁਰ ਕਲੋਨੀ ਤੋਂ ਵਾਪਸ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਉਸ ਨੂੰ 2 ਬਾਈਕ ਸਵਾਰਾਂ ਨੇ ਘੇਰ ਲਿਆ। ਗਾਲ਼ੀ-ਗਲੋਚ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਦੀ ਕੁੱਟਮਾਰ ਕੀਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਤੋਂ ਬਾਅਦ ਉਹ ਉਥੋਂ ਚਲੇ ਗਏ। ਜ਼ਖ਼ਮੀ ਨੌਕਰ ਨੇ ਰੌਲਾ ਪਾਇਆ ਅਤੇ ਮੌਕੇ ‘ਤੇ ਲੋਕ ਇਕੱਠੇ ਹੋ ਗਏ। ਜ਼ਖ਼ਮੀ ਬਰਿੰਦਰ ਸਿੰਘ ਨੂੰ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਦੁਸ਼ਮਣੀ ਦਾ ਜਾਪਦਾ ਹੈ। ਹਮਲੇ ਤੋਂ ਬਾਅਦ ਬਦਮਾਸ਼ ਉਸ ਦਾ ਮੋਬਾਈਲ ਅਤੇ ਨਕਦੀ ਵੀ ਨਹੀਂ ਲੈ ਗਏ। ਪੁਲਿਸ ਐਨਆਰਆਈ ਦੀ ਕਾਲ ਡਿਟੇਲ ਆਦਿ ਵੀ ਚੈੱਕ ਕਰੇਗੀ ਤਾਂ ਜੋ ਮਾਮਲੇ ਦਾ ਪਤਾ ਲੱਗ ਸਕੇ। ਪੁਲਿਸ ਸੀਸੀਟੀਵੀ ਵੀ ਚੈੱਕ ਕਰ ਰਹੀ ਹੈ।