The Khalas Tv Blog Punjab ਪੰਜਾਬ ‘ਚ ਹਰ ਘੰਟੇ ਬਣਦੇ ਔਸਤਨ 400 ਪਾਸਪੋਰਟ, ਉੱਤਰੀ ਭਾਰਤ ’ਚੋਂ ਪਹਿਲੇ ਨੰਬਰ ’ਤੇ…
Punjab

ਪੰਜਾਬ ‘ਚ ਹਰ ਘੰਟੇ ਬਣਦੇ ਔਸਤਨ 400 ਪਾਸਪੋਰਟ, ਉੱਤਰੀ ਭਾਰਤ ’ਚੋਂ ਪਹਿਲੇ ਨੰਬਰ ’ਤੇ…

An average of 400 passports are created every hour in Punjab, number one in North India...

An average of 400 passports are created every hour in Punjab, number one in North India...

ਚੰਡੀਗੜ੍ਹ : ਪਾਸਪੋਰਟ ਬਣਵਾਉਣ ਵਾਲਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਪੰਜਾਬ ਨੇ ਵੱਡੇ ਵੱਡੇ ਸੂਬਿਆਂ ਨੂੰ ਵੀ ਪਛਾੜ ਦਿੱਤਾ ਹੈ। ਅੱਜ ਹਾਲਤ ਇਹ ਹੈ ਕਿ ਪੰਜਾਬ ਦੇ ਔਸਤਨ ਹਰ ਚੌਥੇ ਵਿਅਕਤੀ ਕੋਲ ਪਾਸਪੋਰਟ ਹੈ। 2023 ਵਿਚ ਪੰਜਾਬ ਵਿਚ ਨਵੇਂ 11.94 ਲੱਖ ਪਾਸਪੋਰਟ ਬਣੇ ਹਨ। ਮਤਲਬ ਕਿ ਸਾਲ 2023 ਵਿੱਚ ਪੰਜਾਬ ਵਿਚ ਔਸਤਨ ਹਰ ਮਿੰਟ ਪਿੱਛੇ ਸੱਤ ਪਾਸਪੋਰਟ ਅਤੇ ਪ੍ਰਤੀ ਘੰਟਾ ਔਸਤਨ 408 ਪਾਸਪੋਰਟਾਂ ਦੀ ਰਹੀ ਹੈ। ਪਿਛਲੇ ਵਰ੍ਹਿਆਂ ਵੱਲ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਪਾਸਪੋਰਟ ਸਾਲ 2018 ਵਿੱਚ 10.69 ਲੱਖ ਬਣੇ ਸਨ। ਪੰਜਾਬ ਟ੍ਰਿਬਿਊਨ ਨੇ ਆਪਣੀ ਖਬਰ ਵਿੱਚ ਇਹ ਰਿਪੋਰਟ ਪੇਸ਼ ਕੀਤੀ ਹੈ।

ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਾਸਪੋਰਟ ਬਣਾਉਣ ਵਿਚ ਪੰਜਾਬੀਆਂ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਪੰਜਾਬ ’ਚ ਸਾਲ 2016-17 ਵਿਚ ਸਟੱਡੀ ਵੀਜ਼ੇ ਦਾ ਰੁਝਾਨ ਸ਼ੁਰੂ ਹੋਇਆ ਸੀ। ਪੰਜਾਬ ਵਿਚ ਧੜਾਧੜ ਪਾਸਪੋਰਟ ਬਣ ਰਹੇ ਹਨ। ਆਬਾਦੀ ਦੇ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਦਾ ਪਾਸਪੋਰਟ ਬਣਾਉਣ ’ਚ ਦੇਸ਼ ’ਚੋਂ ਪਹਿਲਾਂ ਨੰਬਰ ਹੈ। ਉਂਝ ਸਾਲ 2023 ਵਿਚ ਸਭ ਤੋਂ ਵੱਧ 15.47 ਲੱਖ ਪਾਸਪੋਰਟ ਕੇਰਲਾ ਵਿਚ ਬਣੇ ਹਨ। ਦੂਜਾ ਨੰਬਰ ਮਹਾਰਾਸ਼ਟਰ ਦਾ ਹੈ ਜਿੱਥੇ 15.10 ਲੱਖ ਪਾਸਪੋਰਟ ਅਤੇ ਤੀਜੇ ਨੰਬਰ ’ਤੇ ਉੱਤਰ ਪ੍ਰਦੇਸ਼ ਵਿਚ 13.68 ਲੱਖ ਪਾਸਪੋਰਟ ਬਣੇ ਹਨ।

ਪੰਜਾਬ ਵਿਚ ਇਸ ਵੇਲੇ ਕਰੀਬ 55 ਲੱਖ ਘਰ ਹੈ ਅਤੇ ਸਾਲ 2014 ਤੋਂ ਹੁਣ ਤੱਕ ਪੰਜਾਬ ਵਿਚ 81.20 ਲੱਖ ਪਾਸਪੋਰਟ ਬਣੇ ਹਨ। ਇਸ ਲਿਹਾਜ਼ ਨਾਲ ਪੰਜਾਬ ਵਿਚ ਹਰ ਦੋ ਘਰਾਂ ਪਿੱਛੇ ਤਿੰਨ ਪਾਸਪੋਰਟ ਹਨ। ਪੰਜਾਬੀਆਂ ਨੂੰ ਪਾਸਪੋਰਟਾਂ ’ਤੇ ਮੋਟਾ ਖਰਚਾ ਵੀ ਕਰਨਾ ਪਿਆ ਹੈ। ਇਸ ਵੇਲੇ ਪਾਸਪੋਰਟ ਬਣਾਉਣ ਦੀ ਫ਼ੀਸ 1500 ਰੁਪਏ ਹੈ। ਲੰਘੇ 10 ਸਾਲਾਂ ਵਿਚ ਪੰਜਾਬ ਦੇ ਲੋਕਾਂ ਨੇ ਪਾਸਪੋਰਟ ਬਣਾਉਣ ’ਤੇ 1218.02 ਕਰੋੜ ਰੁਪਏ ਖ਼ਰਚ ਕੀਤੇ ਹਨ। ਇਕੱਲੇ ਸਾਲ 2023 ਵਿਚ ਪਾਸਪੋਰਟ ਬਣਾਉਣ ਦੀ ਕੀਮਤ 179.10 ਕਰੋੜ ਰੁਪਏ ਤਾਰਨੀ ਪਈ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੁਲਿਸ ਨੂੰ 15 ਦਿਨਾਂ ਅੰਦਰ ਅੰਦਰ ਪਾਸਪੋਰਟ ਦੀ ਪੜਤਾਲ ਕੀਤੇ ਜਾਣ ਦੀ ਸੂਰਤ ਵਿੱਚ 150 ਰੁਪਏ ਪ੍ਰਤੀ ਪਾਸਪੋਰਟ ਰਾਸ਼ੀ ਦਿੱਤੀ ਜਾਂਦੀ ਹੈ। ਜੇਕਰ ਪੜਤਾਲ ਦਾ ਸਮਾਂ 15 ਦਿਨਾਂ ਤੋਂ ਵੱਧ ਜਾਂਦਾ ਹੈ ਤਾਂ ਪ੍ਰਤੀ ਪਾਸਪੋਰਟ 50 ਰੁਪਏ ਪੰਜਾਬ ਪੁਲਿਸ ਨੂੰ ਮਿਲਦੇ ਹਨ।

ਸਾਲ 2023 ਵਿਚ ਪੰਜਾਬ ਪੁਲਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪੜਤਾਲ ਬਦਲੇ 17.91 ਕਰੋੜ ਰੁਪਏ ਮਿਲੇ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਪ੍ਰਤੀ ਪਾਸਪੋਰਟ 100 ਰੁਪਏ ਗ੍ਰਾਹਕਾਂ ਤੋਂ ਵੀ ਲਏ ਜਾਂਦੇ ਹਨ ਅਤੇ ਇਸ ਰਾਸ਼ੀ ਨਾਲ ਸਾਲ 2023 ਵਿਚ ਪੁਲਿਸ ਨੂੰ 11.94 ਕਰੋੜ ਦੀ ਕਮਾਈ ਹੋਈ ਹੈ।

ਉੱਤਰੀ ਭਾਰਤ ’ਚੋਂ ਪੰਜਾਬ ਪਾਸਪੋਰਟਾਂ ਦੇ ਮਾਮਲੇ ਵਿਚ ਪਹਿਲੇ ਨੰਬਰ ’ਤੇ ਹੈ। ਕਰੋਨਾ ਮਹਾਂਮਾਰੀ ਦੇ ਸਾਲ 2020 ਦੌਰਾਨ ਸਭ ਤੋਂ ਘੱਟ 4.82 ਲੱਖ ਪਾਸਪੋਰਟ ਬਣੇ ਸਨ। ਦੇਸ਼ ਭਰ ’ਚੋਂ ਦੇਖੀਏ ਤਾਂ ਇਕੱਲੇ ਪੰਜਾਬ ਵਿਚ ਹੀ 8 ਤੋਂ 10 ਫ਼ੀਸਦ ਪਾਸਪੋਰਟ ਬਣਦੇ ਹਨ। ਪੰਜਾਬ ਵਿਚ 14 ਪਾਸਪੋਰਟ ਸੇਵਾ ਕੇਂਦਰ ਚੱਲ ਰਹੇ ਰਹੇ ਹਨ।

Exit mobile version