‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿੱਚ ਪਨਗ੍ਰੇਨ ਗੋਦਾਮ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇੱਥੇ ਖਰਾਬ ਅਨਾਜ ਨੂੰ ਡਿਪੂਆਂ ‘ਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਅੰਮ੍ਰਿਤਸਰ ਦੇ ਨੰਗਲੀ ਪਿੰਡ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਦੋਂ ਸ਼ੱਕ ਹੋਇਆ ਜਦੋਂ ਗੋਦਾਮ ਵਿੱਚ ਪੱਖਾ ਲਗਾਇਆ ਗਿਆ ਸੀ ਅਤੇ ਜਦੋਂ ਉਨ੍ਹਾਂ ਨੇ ਉੱਥੇ ਜਾ ਕੇ ਵੇਖਿਆ ਤਾਂ ਕਣਕ ਇੰਨੀ ਜ਼ਿਆਦਾ ਖ਼ਰਾਬ ਸੀ ਕਿ ਉਹ ਕਣਕ ਜਾਨਵਰਾਂ ਨੂੰ ਵੀ ਨਹੀਂ ਪਾਈ ਜਾ ਸਕਦੀ ਸੀ। ਕਣਕ ਨੂੰ ਸਾਫ਼ ਕਰਨ ਲਈ ਬਾਹਰ ਕੱਢਿਆ ਜਾ ਰਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅਨਾਜ ਵਾਲੀਆਂ ਬੋਰੀਆਂ ਨੂੰ ਦੋ-ਦੋ ਸੀਲਾਂ ਲੱਗੀਆਂ ਹੋਈਆਂ ਸਨ, ਜਿਸਦਾ ਮਤਲਬ ਸੀ ਕਿ ਨਵੀਂ ਕਣਕ ਕੱਢ ਕੇ ਖ਼ਰਾਬ ਪੁਰਾਣੀ ਕਣਕ ਭਰ ਕੇ ਗਰੀਬਾਂ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉਨ੍ਹਾਂ ਬੋਰੀਆਂ ਉੱਪਰ ਪੰਜਾਬ ਸਰਕਾਰ ਦਾ ਲੌਗੋ ਵੀ ਲੱਗਾ ਹੋਇਆ ਸੀ।