The Khalas Tv Blog Punjab ਅੰਮ੍ਰਿਤਸਰ ਪੁਲਿਸ ਨੇ ਯਾਰੀਆਂ -2 ਦੀ ਟੀਮ ਨੂੰ ਕੀਤਾ ਤਲਬ…
Punjab

ਅੰਮ੍ਰਿਤਸਰ ਪੁਲਿਸ ਨੇ ਯਾਰੀਆਂ -2 ਦੀ ਟੀਮ ਨੂੰ ਕੀਤਾ ਤਲਬ…

Amritsar Police summoned the team of Yaariyan-2...

ਬਾਲੀਵੁੱਡ ਦੀ ਆ ਰਹੀ ਇੱਕ ਨਵੀਂ ਫਿਲਮ ਯਾਰੀਆਂ -2 ਦੀ ਟੀਮ ਨੂੰ ਅੰਮ੍ਰਿਤਸਰ ਪੁਲਿਸ ਨੇ ਤਲਬ ਕੀਤਾ ਹੈ। ਫਿਲਮ ਦੇ ਪ੍ਰੋਡਿਊਸਰ, ਡਾਇਰੈਕਟਰ ਅਤੇ ਅਦਾਕਾਰਾਂ ਨੂੰ ਪੁੱਛਗਿੱਛ ਲਈ ਅੱਜ ਬੁਲਾਇਆ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲੀਵੁੱਡ ਫ਼ਿਲਮ ‘ਯਾਰੀਆਂ 2’ ਦੇ ਦ੍ਰਿਸ਼ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਕਰਦਿਆਂ ਕਿਹਾ ਸੀ ਕਿ ਇਸ ਨੇ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ। ਦਰਅਸਲ, ਐੱਸਜੀਪੀਸੀ ਨੂੰ ਇਸ ਫ਼ਿਲਮ ਦੇ ਇੱਕ ਗਾਣੇ ‘ਸਹੁਰੇ ਘਰ’ ਵਿੱਚ ਫਿਲਮਾਏ ਦ੍ਰਿਸ਼ਾਂ ‘ਤੇ ਇਤਰਾਜ਼ ਹੈ। ਕਮੇਟੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਇਨ੍ਹਾਂ ਦ੍ਰਿਸ਼ਾਂ ਵਿੱਚ ਫ਼ਿਲਮ ‘ਚ ਕੰਮ ਕਰ ਰਹੇ ਅਦਾਕਾਰ ਨੂੰ ਕਿਰਪਾਨ ਪਹਿਨੇ ਹੋਏ ਦਿਖਾਇਆ ਗਿਆ ਹੈ, ਉਹ ਸਿੱਖ ਮਰਿਆਦਾ ਦੇ ਅਨੁਸਾਰ ਨਹੀਂ ਹੈ।

SGPC ਨੇ ਫ਼ਿਲਮ ਦੇ ਗੀਤ ‘ਚ ਅਦਾਕਾਰ ਦੁਆਰਾ ਕਿਰਪਾਨ ਪਹਿਨੇ ਜਾਣ ‘ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਸਾਰੇ ਚੈਨਲਾਂ ਤੋਂ ਗੀਤ ਨੂੰ ਹਟਾਉਣ ਲਈ ਕਿਹਾ ਸੀ। ਐਸਜੀਪੀਸੀ ਨੇ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਹਟਾਏ ਬਿਨਾਂ ਸੈਂਸਰ ਬੋਰਡ ਇਸ ਨੂੰ ਪਾਸ ਨਾ ਕਰੇ। ਇਸ ਦੇ ਨਾਲ ਹੀ ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਬੰਧਿਤ ਮੁੱਦੇ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਕਾਨੂੰਨ ਦੀ ਮਦਦ ਲੈਣਗੇ।

SGPC ਨੇ ਕਿਹਾ ਕਿ ” ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਅਤੇ ਭਾਰਤ ਦੇ ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰਾਂ ਅਨੁਸਾਰ ਕਿਰਪਾਨ ਪਹਿਨਣ ਦਾ ਅਧਿਕਾਰ ਕੇਵਲ ਇੱਕ ਸਿੱਖ ਨੂੰ ਹੀ ਹੈ।”

ਐੱਸਜੀਪੀਸੀ ਦੇ ਇਤਰਾਜ਼ ਤੋਂ ਬਾਅਦ ‘ਯਾਰੀਆਂ 2’ ਫ਼ਿਲਮ ਦੇ ਨਿਰਮਾਤਾਵਾਂ ਨੇ ਵੀ ਐਕਸ ਅਕਾਊਂਟ ‘ਤੇ ਆਪਣਾ ਪੱਖ ਜਾਰੀ ਕੀਤਾ ਸੀ। ਨਿਰਮਾਤਾਵਾਂ ਦਾ ਕਹਿਣਾ ਸੀ ਕਿ ਉਹ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਫ਼ਿਲਮ ਵਿਚਲੇ ਕਿਰਦਾਰ ਨੇ ਖੁਖਰੀ ਪਾਈ ਹੋਈ ਹੈ, ਨਾ ਕਿ ਕਿਰਪਾਨ ਅਤੇ ਫ਼ਿਲਮ ਦੇ ਡਾਇਲੌਗ ਵਿੱਚ ਵੀ ਇਸ ਬਾਰੇ ਸਪੱਸ਼ਟ ਦੱਸਿਆ ਗਿਆ ਹੈ ਕਿ ਇਹ ਇੱਕ ਖੁਖਰੀ ਹੈ।

ਉਨ੍ਹਾਂ ਕਿਹਾ ਕਿ ਦੋਵਾਂ ਦੀ ਦਿੱਖ ਇੱਕੋ ਜਿਹੀ ਹੋਣ ਕਾਰਨ ਜੋ ਗਲਤਫਹਿਮੀ ਪੈਦਾ ਹੋਈ, ਉਸ ਦੇ ਲਈ ਫ਼ਿਲਮ ਦੇ ਨਿਰਮਾਤਾਵਾਂ ਨੂੰ ਅਫਸੋਸ ਹੈ ਅਤੇ ਉਨ੍ਹਾਂ ਦਾ ਉਦੇਸ਼ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਉਣਾ ਨਹੀਂ ਸੀ। ਹਾਲਾਂਕਿ ਐੱਸਜੀਪੀਸੀ ਨੇ ਵੀ ਨਿਰਮਾਤਾਵਾਂ ਨੂੰ ਉਨ੍ਹਾਂ ਦੇ ਬਿਆਨ ਦਾ ਜਵਾਬ ਦਿੰਦਿਆਂ ਦੱਸਿਆ ਸੀ ਕਿ ‘ਸਿੱਖ ‘ਕਿਰਪਾਨ’ ਅਤੇ ‘ਖੁਖਰੀ’ ਵਿਚਲਾ ਫਰਕ ਚੰਗੀ ਤਰ੍ਹਾਂ ਜਾਣਦੇ ਹਨ। ਕਮੇਟੀ ਨੇ ਲਿਖਿਆ, ”ਅਸੀਂ ਤੁਹਾਡੇ ਤਰਕ ਅਤੇ ਸਪੱਸ਼ਟੀਕਰਨ ਤੋਂ ਸੰਤੁਸ਼ਟ ਨਹੀਂ ਹਾਂ। ਇਸ ਲਈ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਹਾਂ।”

ਐੱਸਜੀਪੀਸੀ ਨੇ ਖੁਖਰੀ ਅਤੇ ਕਿਰਪਾਨ ਵਿਚਕਾਰਲਾ ਫਰਕ ਵੀ ਦੱਸਿਆ। ਕਮੇਟੀ ਨੇ ਦੱਸਿਆ ਕਿ ”ਖੁਖਰੀ ਆਮ ਤੌਰ ‘ਤੇ ਪਿਸਤੌਲ ਵਾਂਗ ਬੈਲਟ ‘ਤੇ ਪਹਿਨੀ ਜਾਂਦੀ ਹੈ ਅਤੇ ਜਿਨ੍ਹਾਂ ਨੂੰ ਆਗਿਆ ਹੁੰਦੀ ਹੈ (ਆਮ ਤੌਰ ‘ਤੇ ਗੋਰਖਾ ਫੌਜੀ) ਇਸ ਨੂੰ ਪਹਿਨਦੇ ਹਨ।”

”ਇਸੇ ਤਰ੍ਹਾਂ ਕਿਰਪਾਨ ਨੂੰ ਗਾਤਰੇ (ਬੈਲਟ) ‘ਤੇ ਪਹਿਨਿਆ ਜਾਂਦਾ ਹੈ, ਬਿਕੁਲ ਉਸੇ ਤਰ੍ਹਾਂ ਜਿਵੇਂ ਫ਼ਿਲਮ ਦੇ ਗਾਣੇ ‘ਸਹੁਰੇ ਘਰ’ ‘ਚ ਅਦਾਕਾਰ ਨੇ ਪਹਿਨੀ ਹੋਈ ਹੈ।”

ਉਨ੍ਹਾਂ ਕਿਹਾ, ”ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਅਤੇ ਭਾਰਤੀ ਸੰਵਿਧਾਨ ਮੁਤਾਬਕ, ਕੇਵਲ ਅੰਮ੍ਰਿਤਧਾਰੀ ਸਿੱਖ ਹੀ ਇਸ ਕਿਰਪਾਨ ਪਹਿਨ ਸਕਦੇ ਹਨ।”

Exit mobile version