ਸਬ ਇੰਸਪੈਕਟਰ ਦਿਲਬਾਗ ਸਿੰਘ ਨੰ ਮਿਲ ਰਹੀਆਂ ਸਨ ਧਮਕੀਆਂ
‘ਦ ਖ਼ਾਲਸ ਬਿਊਰੋ :- ਅਜ਼ਾਦੀ ਦਿਹਾੜੇ ਤੋਂ ਇੱਕ ਦਿਨ ਬਾਅਦ ਅੰਮ੍ਰਿਤਸਰ ਵਿੱਚ ਵੱਡੀ ਸਾਜਿਸ਼ ਬੇਪਰਦਾ ਹੋਈ ਹੈ। ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਘਰ ਦੇ ਬਾਹਰ ਖੜੀ ਗੱਡੀ ਦੇ ਨੀਚੇ ਬੰਬ ਫਿਟ ਕੀਤਾ ਹੋਇਆ ਸੀ। ਸਵੇਰ ਵੇਲੇ ਜਦੋਂ ਕਾਰ ਸਾਫ ਕਰਨ ਵਾਲਾ ਆਇਆ ਤਾਂ ਉਸ ਨੇ ਟਾਇਰ ਦੇ ਕੋਲ ਇੱਕ ਤਾਰ ਵੇਖੀ ਜੋ ਕਿ ਕਿਸੇ ਡੱਬੇ ਨਾਲ ਅਟੈਚ ਸੀ। ਉਸ ਨੇ ਫੌਰਨ ਸਬ ਇੰਸਪੈਕਟਰ ਦਿਲਬਾਗ ਸਿੰਘ ਨੂੰ ਬੁਲਾਇਆ ਅਤੇ ਪੂਰੀ ਜਾਣਕਾਰੀ ਦਿੱਤੀ। ਦਿਲਬਾਗ ਸਿੰਘ ਨੇ ਵੇਖ ਦੇ ਹੀ ਪਛਾਣ ਲਿਆ ਕਿ ਇਹ ਡੈਟੋਨੇਟਰ ਵਰਗੀ ਚੀਜ਼ ਹੈ। ਉਸ ਨੇ ਵਿਭਾਗ ਦੇ ਵੱਡੇ ਅਫਸਰਾਂ ਨੂੰ ਇਤਲਾਹ ਕੀਤੀ। ਦਿਲਬਾਗ ਪੰਜਾਬ ਪੁਲਿਸ ਦੇ CIA ਵਿੱਚ ਸਬ ਇੰਸਪੈਕਟਰ ਤਾਇਨਾਤ ਹੈ। ਪੁਲਿਸ ਦੇ ਸਾਹਮਣੇ CCTV ਫੁਟੇਜ ਆਈ ਹੈ, ਜਿਸ ਦੇ ਅਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦੀ ਟੀਮ ਦਿਲਬਾਗ ਦੇ ਘਰ ਪਹੁੰਚੀ ਅਤੇ ਡੱਬੇ ਨੂੰ ਬੜੀ ਹੀ ਸਾਵਧਾਨੀ ਨਾਲ ਉਤਾਰਿਆ ਅਤੇ ਆਪਣੇ ਨਾਲ ਲੈ ਗਈ। ਪੁਲਿਸ ਨੂੰ ਸ਼ੱਕ ਹੈ ਕਿ RDX ਦੇ ਨਾਲ ਡੈਟੋਨੇਟਰ ਲਗਾ ਕੇ ਬੰਬ ਨੂੰ ਤਿਆਰ ਕੀਤਾ ਗਿਆ ਸੀ। ਪੁਲਿਸ ਨੂੰ ਆਲੇ-ਦੁਆਲੇ ਲੱਗੇ CCTV ਤੋਂ ਫੁਟੇਜ ਮਿਲੀ ਹੈ, ਜਿਸ ਵਿੱਚ 2 ਨੌਜਵਾਨ ਗੱਡੀ ਦੇ ਕੋਲ ਨਜ਼ਰ ਆ ਰਹੇ ਨੇ। ਪੁਲਿਸ ਨੂੰ ਸ਼ੱਕ ਹੈ ਕਿ ਇਹ ਦੋਵੇਂ ਬਾਇਕ ‘ਤੇ ਆਏ ਅਤੇ ਬੰਬ ਫਿਟ ਕਰਕੇ ਫਰਾਰ ਹੋ ਗਏ। ਇਸ CCTV ਫੁਟੇਜ ਦੇ ਅਧਾਰ ‘ਤੇ ਪੁਲਿਸ ਸ਼ੱਕੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੈ। ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਕਿਹਾ ਕਿ ਗੱਡੀ ਦੇ ਹੇਠਾਂ ਲੱਗਿਆ ਬੰਬ ਉਸੇ ਤਰ੍ਹਾਂ ਦਾ ਹੈ ਜਿਵੇਂ ਦਾ ਕੁਝ ਦਿਨ ਪਹਿਲਾਂ ਤਰਨਤਾਰਨ ਤੋਂ ਮਿਲਿਆ ਸੀ। ਉਸ ਬੰਬ ਨੂੰ RDX ਦੇ ਨਾਲ ਤਿਆਰ ਕੀਤਾ ਗਿਆ ਸੀ। ਦਿਲਬਾਗ ਮੁਤਾਬਿਕ ਇਹ ਹੋ ਸਕਦਾ ਹੈ ਕਿ ਸ਼ੱਕੀ ਬੰਬ ਨੂੰ ਸਹੀ ਤਰ੍ਹਾਂ ਨਹੀਂ ਫਿਟ ਕਰ ਸਕੇ ਅਤੇ ਉਹ ਨਜ਼ਰ ਵਿੱਚ ਆ ਗਿਆ। ਸਬ ਇੰਸਪੈਕਟਰ ਨੇ ਕਿਹਾ ਕਿ ਉਸ ਦੀ ਕਿਸਮਤ ਚੰਗੀ ਸੀ ਕਿ ਬੰਬ ਨਹੀਂ ਫਟਿਆ।
ਦਿਲਬਾਗ ਨੂੰ ਧਮਕੀ ਮਿਲ ਰਹੀ ਸੀ
ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅੱਤਵਾਦ ਦੇ ਸਮੇਂ ਸੂਬੇ ਵਿੱਚ ਕਾਫੀ ਕੰਮ ਕੀਤਾ ਸੀ। ਇਸੇ ਲਈ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ ਪਰ ਪਰਿਵਾਰ ਨੂੰ ਕੋਈ ਜਾਣਕਾਰੀ ਸੀ। ਦਿਲਬਾਗ ਨੇ ਦੱਸਿਆ ਕਿ ਕਝ ਦਿਨ ਪਹਿਲਾਂ ਹੀ ਤਾਜ਼ਾ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਹੁਣ ਮੰਗਲਵਾਰ ਨੂੰ ਗੱਡੀ ਦੇ ਹੇਠਾਂ ਬੰਬ ਮਿਲਿਆ ਹੈ। ਸਬ ਇੰਸਪੈਟਰ ਦੇ ਬਿਆਨਾਂ ਤੋਂ ਬਾਅਦ ਪੁਲਿਸ ਇਸ ਨੂੰ ਅੱਤਵਾਦੀ ਸਾਜਿਸ਼ ਦੇ ਤੌਰ ‘ਤੇ ਵੇਖ ਰਹੀ ਹੈ। ਇਸ ਤੋਂ ਪਹਿਲਾਂ 14 ਅਗਸਤ ਨੂੰ ਪੰਜਾਬ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਸਬੰਧ ISI ਅਤੇ ਕੈਨੇਡਾ ਵਿੱਚ ਬੈਠੇ ਗੈਂਗਸਟਰਾਂ ਨਾਲ ਦੱਸੇ ਗਏ ਸਨ। ਗ੍ਰਿਫ਼ਤਾਰੀ ਤੋਂ ਬਾਅਦ ਚਾਰਾਂ ਤੋਂ ਪੁਲਿਸ ਨੇ 1 IED, ਪਿਸਟਲ ਅਤੇ 100 ਤੋਂ ਵੱਧ ਕਾਰਤੂਸ ਬਰਾਮਦ ਕੀਤੇ ਸਨ।