ਬਿਊਰੋ ਰਿਪੋਰਟ (13 ਅਕਤੂਬਰ 2025): ਅੱਜ ਅੰਮ੍ਰਿਤਸਰ ਦੇ ਭਲਾ ਪਿੰਡ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਪ੍ਰੋਗਰਾਮ ਦੌਰਾਨ ਸਵਾਲ ਪੁੱਛਣ ਲਈ ਸ਼ਾਂਤਮਈ ਧਰਨਾ-ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਮੁੱਖ ਮੰਤਰੀ ਤੋਂ ਫ਼ਸਲ ਨੁਕਸਾਨ, ਖੇਤ ਮਜ਼ਦੂਰਾਂ ਅਤੇ ਹੜ੍ਹਾਂ ਲਈ ਮੁਆਵਜ਼ੇ ਦੀ ਮੰਗ ਸਬੰਧੀ ਸਵਾਲ ਕਰਨੇ ਸਨ। ਪੁਲਿਸ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਬਾਵਜੂਦ ਜਦ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਸਵੱਬ ਨਾ ਬਣਿਆ ਤਾਂ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਆਪਣੀ ਮੰਗ ਪੇਸ਼ ਕੀਤੀ, ਪਰ ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨਾਲ ਧੱਕਾ-ਮੁੱਕੀ ਕੀਤੀ। ਉੱਧਰ ਮੁੱਖ ਮੰਤਰੀ ਬਿਨਾ ਸਵਾਲਾਂ ਦੇ ਜਵਾਬ ਦਿੱਤੇ ਆਪਣੇ ਹੈਲੀਕਾਪਟਰ ਰਾਹੀਂ ਪ੍ਰੋਗਰਾਮ ਤੋਂ ਚਲੇ ਗਏ।
ਦਰਅਸਲ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐਲਾਨ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ 13 ਮਾਰਚ 2025 ਨੂੰ ਸ਼ੰਭੂ ਖਨੌਰੀ ਮੋਰਚੇ ਉਖੇੜੇ ਜਾਣ ਤੋਂ ਬਾਅਦ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਪ੍ਰੋਗਰਾਮ ਦੌਰਾਨ ਲਗਾਤਾਰ ਸਵਾਲ ਕਰਨ ਦੇ ਐਕਸ਼ਨ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਮੁੱਖ ਮੰਤਰੀ ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਨਜ਼ਦੀਕ ਪੈਂਦੇ ਭਲਾ ਪਿੰਡ ਦੀ ਗੰਨਾ ਮਿੱਲ ਵਿੱਚ ਰੱਖੇ ਪ੍ਰੋਗਰਾਮ ਵਿੱਚ ਪਹੁੰਚਣ ਦੀ ਭਿਣਕ ਲੱਗਣ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਵੱਲੋਂ ਐਮਰਜੈਂਸੀ ਸੱਦਾ ਦੇਣ ਤੇ ਸੈਕੜੇ ਕਿਸਾਨ ਮਜਦੂਰ ਵੱਖ-ਵੱਖ ਸਾਧਨਾਂ ’ਤੇ ਸਵਾਰ ਹੋ ਕੇ ਭਲਾ ਪਿੰਡ ਪਹੁੰਚੇ ਸਨ।
ਇਸ ਮੌਕੇ ਪੁਲਿਸ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਵਿੱਚ ਤੈਅ ਹੋਇਆ ਕਿ ਕਿਸਾਨ ਮੁੱਖ ਮੰਤਰੀ ਦੇ ਪ੍ਰੋਗਰਾਮ ਵਾਲੇ ਸਥਾਨ ਤੋਂ ਕੁਝ ਦੂਰੀ ਤੇ ਸ਼ਾਂਤਮਈ ਤਰੀਕੇ ਨਾਲ ਸੜਕ ਦੇ ਇੱਕ ਪਾਸੇ ਰੁਕਣਗੇ ਅਤੇ ਮੁੱਖ ਮੰਤਰੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਪੁੱਛਿਆ ਜਾਵੇਗਾ। ਕਿਸਾਨ ਆਗੂਆਂ ਜਾਣਕਾਰੀ ਦਿੱਤੀ ਕਿ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਬੈਠੇ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਤਰੀਕੇ ਦਾ ਕੋਈ ਪ੍ਰਪੋਜ਼ਲ ਨਹੀਂ ਆਇਆ ਬਲਕਿ ਪੁੱਛੇ ਜਾਣ ’ਤੇ ਪ੍ਰਸ਼ਾਸਨ ਵੱਲੋਂ ਟਾਲ-ਮਟੋਲ ਕਰਕੇ ਸਮਾਂ ਟਪਾਉਣ ਵਾਲਾ ਰਵੱਈਆ ਅਪਣਾਉਣ ਦੀ ਕੋਸ਼ਿਸ਼ ਹੁੰਦੀ ਦੇਖ ਕਿਸਾਨ ਰੋਹ ਵਿੱਚ ਆ ਗਏ ਅਤੇ ਪੁਲਿਸ ਨੂੰ ਓਸ ਦੁਆਰਾ ਲਗਾਈਆਂ ਰੋਕਾਂ ਨੂੰ ਹਟਾਉਣ ਲਈ ਕਹਿਣ ਲੱਗੇ, ਜਿਸ ਤੇ ਪੁਲਿਸ ਵੱਲੋਂ ਮੁੱਖ ਮੰਤਰੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਕਹਿਣ ਦੀ ਬਜ਼ਾਏ, ਕਿਸਾਨਾਂ ਨੂੰ ਰੋਕਣ ਲਈ ਖਿੱਚ ਧੂਹ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਜ਼ਬਰਦਸਤ ਧੱਕਾ ਮੁੱਕੀ ਹੋਇਆ।
ਇਸ ਮਗਰੋਂ ਕਿਸਾਨ ਬੇਰੀਕੇਡਾਂ ਦੀ ਪਹਿਲੀ ਲੇਅਰ ਨੂੰ ਤੋੜਨ ਵਿੱਚ ਸਫਲ ਰਹੇ ਜਿਸ ਤੋਂ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਫਿਰ ਤੋਂ ਸਵਾਲ ਜਵਾਬ ਕਰਵਾਉਣ ਦਾ ਉਪਰਾਲਾ ਕਰਨ ਦਾ ਕਹਿ ਕੇ ਕਿਸਾਨਾਂ ਨੂੰ ਰੁਕਣ ਲਈ ਕਿਹਾ, ਕਿਸਾਨਾਂ ਨੇ ਫਿਰ ਤੋਂ ਜਾਬਤਾ ਲਾਗੂ ਕੀਤਾ ਅਤੇ ਸ਼ਾਂਤਮਈ ਤਰੀਕੇ ਨਾਲ ਇੰਤਜ਼ਾਰ ਕਰਨ ਲੱਗੇ ਪਰ ਇਨੇ ਵਿੱਚ ਮੁੱਖ ਮੰਤਰੀ ਪੰਜਾਬ ਤਤ-ਪੜਤ ਵਿੱਚ ਹੈਲੀਕਾਪਟਰ ਤੇ ਸਵਾਰ ਹੋ ਕੇ ਓਥੋਂ ਨਿਕਲ ਗਏ।
ਇਸ ਮੌਕੇ ਆਗੂਆਂ ਕਿਹਾ ਕਿ ਕਹਿਣ ਨੂੰ ਮੁੱਖ ਮੰਤਰੀ ਹੜ੍ਹ ਪੀੜ੍ਹਤ ਲੋਕਾਂ ਨੂੰ ਮੁਆਵਜੇ ਦੇਣ ਆਏ ਸਨ ਪਰ ਇਹ ਨਿਗੂਣੇ ਮੁਆਵਜੇ ਨਾਲ ਨੁਕਸਾਨ ਦੀ ਭਰਪਾਈ ਨਹੀਂ ਹੋਣ ਵਾਲੀ, ਉਹਨਾਂ ਕਿਹਾ ਕਿ ਅਸੀਂ ਮੰਗ ਰੱਖ ਚੁੱਕੇ ਹਾਂ ਕਿ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੇ 100% ਨੁਕਸਾਨ ਦਾ 70 ਹਜ਼ਾਰ ਪ੍ਰਤੀ ਏਕੜ ਅਤੇ ਖੇਤ ਮਜ਼ਦੂਰ ਲਈ 10%, ਢੱਠੇ ਘਰਾਂ ਲਈ 100%, ਗੰਨੇ ਦੀ ਫ਼ਸਲ ਲਈ 100% ਮੁਆਵਜਾ ਅਤੇ ਪਿਛਲਾ ਬਕਾਇਆ ਤੁਰੰਤ ਜਾਰੀ ਕਰਨ ਸਮੇਤ ਹੜ੍ਹਾਂ ਪਿਛਲੇ ਕਾਰਨਾਂ ਦੀ ਨਿਆਇਕ ਜਾਂਚ, ਪੋਲਟਰੀ ਫਾਰਮਾਂ ਦਾ 100% ਮੁਆਵਜ਼ਾ, ਕਣਕ ਦੀ ਬਿਜਾਈ ਲਈ ਤੇਲ ਅਤੇ ਖਾਦ ਬੀਜ ਸਰਕਾਰ ਵੱਲੋਂ ਦਿੱਤੇ ਜਾਣ, ਖੇਤ ਵਿੱਚੋਂ ਰੇਤ ਕੱਢਣ ਤੇ ਸਮਾਂ ਸੀਮਾਂ ਦੀ ਸ਼ਰਤ ਹਟਾਈ ਜਾਵੇ, ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਦਰਿਆਵਾਂ ਨੂੰ ਨਹਿਰੀ ਰੂਪ ਦੇ ਕਰ ਪੱਕੇ ਬੰਨ੍ਹ ਬੰਨ੍ਹੇ ਜਾਣ।
ਉਹਨਾਂ ਕਿਹਾ ਕਿ ਮੁਆਵਜੇ ਲਈ 5 ਏਕੜ ਵਾਲੀ ਸ਼ਰਤ ਹਟਾ ਕੇ ਸਾਰੇ ਨੁਕਸਾਨ ਲਈ ਮੁਆਵਜਾ ਦੇਣ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਜਵਾਬ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਤੇ 30-30 ਹਜ਼ਾਰ ਜ਼ੁਰਮਾਨਾ ਲਾਇਆ ਜਾ ਰਿਹਾ ਹੈ ਜਦਕਿ ਕਿਸਾਨ ਪਰਾਲੀ ਨੂੰ ਸ਼ੌਂਕ ਨਾਲ ਅੱਗ ਨਹੀਂ ਲਗਾਉਂਦਾ, ਸਰਕਾਰ ਖ਼ੁਦ ਇਸਦਾ ਠੋਸ ਪ੍ਰਬੰਧ ਕਰੇ ਜਾਂ ਕਿਸਾਨ ਨੂੰ ਆਪਣੇ ਪੱਧਰ ਤੇ ਪ੍ਰਬੰਧ ਕਰਨ ਲਈ 200 ਪ੍ਰਤੀ ਕੁਇੰਟਲ ਜਾਂ 6000 ਪ੍ਰਤੀ ਏਕੜ ਦਿੱਤਾ ਜਾਵੇ,ਕਿਸਾਨਾਂ ਦੀਆਂ ਗ੍ਰਿਫਤਾਰੀਆਂ, ਜ਼ੁਰਮਾਨੇ ਅਤੇ ਲਾਲ ਐਂਟਰੀ ਕਰਨਾ ਬੰਦ ਕੀਤੀਆਂ ਜਾਣ।
ਲੋਪੋਕੇ ਤੋਂ ਆਏ ਇੱਕ ਕਿਸਾਨ ਨੇ ਕਿਹਾ ਕਿ ਪੁਲਿਸ ਵੱਲੋਂ ਖਿੱਚ ਧੂਹ ਦੌਰਾਨ ਉਹਨਾਂ ਦੇ ਕੱਪੜੇ ਪਾੜੇ ਗਏ। ਉਹਨਾਂ ਕਿਹਾ ਕਿ ਅਗਰ ਮੰਤਰੀ ਵਿਧਾਇਕ ਇਸੇ ਤਰ੍ਹਾਂ ਸਵਾਲਾਂ ਤੋਂ ਭੱਜਦੇ ਰਹੇ ਤਾਂ ਆਉਂਦੇ ਦਿਨਾਂ ਵਿੱਚ ਸਰਕਾਰ ਦੇ ਨੁਮਾਇਦਿਆਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਸਕੱਤਰ ਸਿੰਘ ਕੋਟਲਾ, ਬਾਜ਼ ਸਿੰਘ, ਲਖਵਿੰਦਰ ਸਿੰਘ ਡਾਲਾ, ਕੰਧਾਰ ਸਿੰਘ ਭੋਏਵਾਲ, ਗੁਰਦੇਵ ਸਿੰਘ ਗਗੋਮਾਹਲ, ਕੁਲਜੀਤ ਸਿੰਘ ਕਾਲੇ, ਕੁਲਬੀਰ ਸਿੰਘ ਲੋਪੋਕੇ, ਮੁਖਤਾਰ ਸਿੰਘ ਭਗਵਾ, ਲਖਵਿਦਰ ਸਿੰਘ ਮਦੂਛਾਂਗਾ, ਪ੍ਰਭਜੋਤ ਸਿੰਘ ਗੁਜਰਪੁਰਾ, ਅੰਗਰੇਜ਼ ਸਿੰਘ ਸੈਂਹਿਸਰਾ, ਗੁਰਲਾਲ ਸਿੰਘ ਕੱਕੜ, ਸੁਖਵਿੰਦਰ ਸਿੰਘ ਕੋਲੋਵਾਲ, ਜਰਨੈਲ ਸਿੰਘ ਹਰੜ, ਬਲਜਿੰਦਰ ਸਿੰਘ ਸਭਰਾ, ਗੁਰਤੇਜ ਸਿੰਘ ਜਠੌਲ, ਗੁਰਭੇਜ ਸਿੰਘ ਝੰਡੇ, ਕਾਬਲ ਸਿੰਘ ਵਰਿਆਮ ਨੰਗਲ ਸਮੇਤ ਸੈਂਕੜੇ ਕਿਸਾਨ ਮਜ਼ਦੂਰ ਹਾਜ਼ਿਰ ਸਨ।