ਬਿਉਰੋ ਰਿਪੋਰਟ : ਪੰਜਾਬ ਕਾਂਗਰਸ ਵਿੱਚ ਸਿਰਫ ਨਵਜੋਤ ਸਿੰਘ ਦੇ ਵੱਖ ਸੁਰ ਹੀ ਪਾਰਟੀ ਲਈ ਸਿਰ ਦਰਦੀ ਨਹੀਂ ਹੈ । ਬਲਕਿ ਹਰ ਪੱਧਰ ‘ਤੇ ਕਾਂਗਰਸ ਕਲੇਸ਼ ਦਾ ਸਾਹਮਣਾ ਕਰ ਰਹੀ ਹੈ। ਰੋਪੜ ਤੋਂ ਬਾਅਦ ਹੁਣ ਅੰਮ੍ਰਿਤਸਰ ਵਿੱਚ ਪੰਜਾਬ ਦੇ ਇੰਚਾਰਜ ਦੇਵੇਂਦਰ ਯਾਦਵ ਜਦੋਂ ਲੋਕਸਭਾ ਚੋਣਾਂ ਦੀ ਟਿਕਟ ਨੂੰ ਲੈਕੇ ਵਰਕਰਾਂ ਨਾਲ ਚਰਚਾ ਕਰਨ ਦੇ ਲਈ ਪਹੁੰਚੇ ਤਾਂ ਜ਼ਬਰਦਸਤ ਹੰਗਾਮਾ ਹੋ ਗਿਆ । ਸਾਬਕਾ ਡਿਪਟੀ ਮੁੱਖ ਮੰਤਰੀ ਓ.ਪੀ ਸੋਨੀ ਦੇ ਧੜੇ ਨੇ ਸਰੇਆਮ ਮੰਗ ਕੀਤੀ ਕਿ ਅੰਮ੍ਰਿਤਸਰ ਲੋਕਸਭਾ ਦੇ ਇਸ ਵਾਰ ਉਨ੍ਹਾਂ ਨੂੰ ਟਿਕਟ ਦਿੱਤੀ ਜਾਵੇ,ਪਾਰਟੀ ਨੂੰ ਹਿੰਦੂ ਚਿਹਰੇ ਨੂੰ ਮੌਕਾ ਦੇਣਾ ਚਾਹੀਦਾ ਹੈ। ਇਸ ਤੋਂ ਨਰਾਜ ਮੌਜੂਦਾ ਐੱਮਪੀ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਸਰਪੰਚ ਸਵਰਾਜ ਸਿੰਘ ਰੰਧਾਵਾ ਖੜੇ ਹੋਏ ਅਤੇ ਉਨ੍ਹਾਂ ਨੇ ਸਖਤ ਇਤਰਾਜ਼ ਕੀਤਾ ਅਤੇ ਫਿਰ ਦੋਵਾਂ ਦੇ ਵਰਕਰਾਂ ਦੇ ਵਿਚਾਲੇ ਹੰਗਾਮਾ ਸ਼ੁਰੂ ਹੋ ਗਿਆ । ਜਿਸ ਵੇਲੇ ਹੰਗਾਮਾ ਹੋਇਆ ਉਸ ਵੇਲੇ ਓ.ਪੀ ਸੋਨੀ ਅਤੇ ਗੁਰਜੀਤ ਸਿੰਘ ਔਜਲਾ ਮੰਚ ‘ਤੇ ਮੌਜੂਦ ਸਨ। ਫਿਰ ਇੰਚਾਰਜ ਦਵੇਂਦਰ ਯਾਦਵ ਨੇ ਕਿਹਾ ਅਸੀਂ ਲੋਕਸਭਾ ਦੇ ਉਮੀਦਵਾਰ ਦੀ ਚੋਣ ਕਰਨ ਦੇ ਲਈ ਨਹੀਂ ਆਏ ਹਾਂ,ਇਹ ਕੰਮ ਹਾਈਕਮਾਨ ਕਰੇਗੀ,ਅਸੀਂ ਬੂਥ ਪੱਧਰ ‘ਤੇ ਪਾਰਟੀ ਦੀ ਮਜ਼ਬੂਤੀ ਦੇ ਲਈ ਇਕੱਠੇ ਹੋਏ ਹਾਂ। ਸਿਰਫ਼ ਇੰਨਾਂ ਹੀ ਨਹੀਂ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਇਹ ਵੀ ਸਾਫ ਕੀਤਾ ਕਿ ਸਾਡੀ ਪਾਰਟੀ ਧਰਮ ਦੇ ਅਧਾਰ ‘ਤੇ ਟਿਕਟ ਨਹੀਂ ਦਿੰਦੀ ਹੈ । ਉਧਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਕਾਂਗਰਸ ਦੇ ਇਸ ਇਕੱਠ ਤੋਂ ਗਾਇਬ ਰਹੇ । ਅੰਮ੍ਰਿਤਸਰ ਤੋਂ ਹੋਣ ਦੇ ਨਾਤੇ ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ ।
ਓ.ਪੀ ਸੋਨੀ 2009 ਵਿੱਚ ਅੰਮ੍ਰਿਤਸਰ ਤੋਂ ਲੋਕਸਭਾ ਦੀ ਚੋਣ ਲੜ ਚੁੱਕੇ ਹਨ। ਉਸ ਵੇਲੇ ਬੀਜੇਪੀ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਉਮੀਦਵਾਰ ਸਨ । ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਕਰੜੀ ਟੱਕਰ ਦਿੱਤੀ ਸੀ। ਸਿੱਧੂ ਸਿਰਫ ਕੁਝ ਹੀ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਸਨ। ਇਸ ਤੋਂ ਬਾਅਦ ਸੋਨੀ ਕੈਪਟਨ ਸਰਕਾਰ ਵਿੱਚ ਮੰਤਰੀ ਬਣ ਗਏ ਤਾਂ ਓ.ਪੀ ਸੋਨੀ ਦੀ ਥਾਂ ਗੁਰਜੀਤ ਔਜਲਾ ਨੂੰ ਜ਼ਿਮਨੀ ਚੋਣ ਲੜਵਾਈ ਗਈ ਅਤੇ ਉਨ੍ਹਾਂ ਨੇ 2017 ਅਤੇ 2019 ਵਿੱਚ ਲਗਾਤਾਰ 2 ਵਾਰ ਜਿੱਤ ਹਾਸਲ ਕੀਤੀ । ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੀ ਕਾਫੀ ਕਰੀਬੀ ਹਨ। ਇਸੇ ਲਈ ਉਹ ਪ੍ਰਤਾਪ ਸਿੰਘ ਬਾਜਵਾ,ਵੜਿੰਗ ਦੇ ਨਿਸ਼ਾਨੇ ‘ਤੇ ਰਹਿੰਦੇ ਹਨ ਜਦਕਿ ਓ.ਪੀ ਸੋਨੀ ਬਾਜਵਾ ਧੜੇ ਦੇ ਨਾਲ ਸਬੰਧ ਰੱਖ ਦੇ ਹਨ। 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਹ 5 ਵਾਰ ਲਗਾਤਾਰ ਜਿੱਤ ਤੋਂ ਬਾਅਦ ਹਾਰੇ ਸਨ । ਉਹ ਵੀ ਪਾਰਟੀ ਦੇ ਲਈ ਮਜ਼ਬੂਰ ਉਮੀਦਵਾਰ ਹੋ ਸਕਦੇ ਹਨ। 4 ਦਿਨ ਪਹਿਲਾਂ ਕਾਂਗਰਸ ਦੇ ਇਸ ਕਲੇਸ਼ ਦਾ ਨਜ਼ਾਰਾ ਰੋਪੜ ਵਿੱਚ ਵੀ ਨਜ਼ਰ ਆਇਆ ਸੀ ।
4 ਦਿਨ ਪਹਿਲਾਂ ਰੋਪੜ ਵਿੱਚ ਹੀ ਲੋਕਸਭਾ ਦੀ ਟਿਕਟ ਨੂੰ ਲੈਕੇ ਕਾਫੀ ਹੰਗਾਮਾ ਹੋਇਆ ਸੀ । ਜ਼ਿਲ੍ਹੇ ਦੇ ਉੱਪ ਪ੍ਰਧਾਨ ਹਿਮਾਂਸ਼ੂ ਟੰਡਨ ਨੇ ਮੰਗ ਰੱਖੀ ਸੀ ਇਸ ਵਾਰ ਮਨੀਸ਼ ਤਿਵਾਰੀ ਦੀ ਥਾਂ ਉਨ੍ਹਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ । ਹਿਮਾਸ਼ੂ ਟੰਡਨ ਨੇ ਇਲਜ਼ਾਮ ਲਗਾਇਆ ਸੀ ਕਿ ਮਨੀਸ਼ ਤਿਵਾਰੀ ਨੂੰ ਕਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਜਾਂਦੀ ਹੈ ਕਦੇ ਲੁਧਿਆਣਾ ਤੋਂ। ਸਿਰਫ਼ ਇੰਨਾਂ ਹੀ ਨਹੀਂ ਟੰਡਨ ਨੇ ਇਲਜ਼ਾਮ ਲਗਾਇਆ ਸੀ ਕਿ ਤਿਵਾਰੀ ਕਦੇ ਵੀ ਵਰਕਰਾਂ ਦੇ ਕੰਮ ਨਹੀਂ ਕਰਦੇ ਹਨ ਨਾ ਹੀ ਹਲਕੇ ਵਿੱਚ ਲੋਕਾਂ ਨੂੰ ਮਿਲਣ ਦੇ ਲਈ ਆਉਂਦੇ ਹਨ ਜੇਕਰ ਪਾਰਟੀ ਨੇ ਇਸ ਵਾਰ ਮੁੜ ਤੋਂ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਵਰਕਰ ਘਰ ਬੈਠ ਜਾਣਗੇ,ਉਹ ਪ੍ਰਚਾਰ ਨਹੀਂ ਕਰਨਗੇ ।