The Khalas Tv Blog Punjab ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਲਿਆਂਦਾ ਗਿਆ ਪੰਜਾਬ
Punjab

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਲਿਆਂਦਾ ਗਿਆ ਪੰਜਾਬ

ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ (ਉਰਫ਼ ਕਮਲ ਕੌਰ ਭਾਬੀ) ਦੇ ਕਤਲ ਮਾਮਲੇ ਵਿੱਚ ਵੱਡੀ ਤਰੱਕੀ ਹੋਈ ਹੈ। ਮੁੱਖ ਮੁਲਜ਼ਮ ਅਮ੍ਰਿਤਪਾਲ ਸਿੰਘ ਮਹਿਰੋਂ ਨੂੰ ਯੂਏਈ (ਦੁਬਈ) ਤੋਂ ਗ੍ਰਿਫ਼ਤਾਰ ਕਰਕੇ ਭਾਰਤ ਵਾਪਸ ਲਿਆਂਦਾ ਗਿਆ ਹੈ। ਅੱਜ 10 ਅਪ੍ਰੈਲ 2026 ਨੂੰ ਸਵੇਰੇ 10 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਸ ਨੂੰ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।

ਇਹ ਗ੍ਰਿਫਤਾਰੀ ਬਠਿੰਡਾ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ, ਓਵਰਸੀਜ਼ ਫਿਊਜੀਟਿਵ ਟ੍ਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਹੋਈ। ਪੁਲਿਸ ਅਧਿਕਾਰੀਆਂ ਮੁਤਾਬਕ ਅਮ੍ਰਿਤਪਾਲ ਸਿੰਘ ਮਹਿਰੋਂ ਨੂੰ ਯੂਏਈ ਵਿੱਚ ਕਾਬੂ ਕੀਤਾ ਗਿਆ ਸੀ ਅਤੇ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ। ਇਸ ਟੀਮ ਦੀ ਅਗਵਾਈ ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਕੀਤੀ।

ਅਮ੍ਰਿਤਪਾਲ ਸਿੰਘ ਮਹਿਰੋਂ ਇਸ ਮਾਮਲੇ ਵਿੱਚ ਲੰਮੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਅਤੇ ਵਾਰਦਾਤ ਤੋਂ ਬਾਅਦ ਉਹ ਭਾਰਤ ਛੱਡ ਕੇ ਦੁਬਈ ਚਲਾ ਗਿਆ ਸੀ। ਬਠਿੰਡਾ ਅਦਾਲਤ ਵੱਲੋਂ 7 ਫਰਵਰੀ ਨੂੰ ਉਸਨੂੰ ਘੋਸ਼ਿਤ ਅਪਰਾਧੀ ਐਲਾਨਿਆ ਗਿਆ ਸੀ ਅਤੇ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਅੱਜ ਸਵੇਰੇ ਡੀਜੀਪੀ ਗੌਰਵ ਯਾਦਵ ਨੇ ਵੀ ਆਪਣੇ ਐਕਸ ਖਾਤੇ ‘ਤੇ ਪੋਸਟ ਕਰ ਕੇ ਮਹਿਰੋਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

ਕੰਚਨ ਕੁਮਾਰੀ ਦਾ ਕਤਲ

ਦੱਸ ਦੇਈਏ ਕਿ ਕੰਚਨ ਕੁਮਾਰੀ ਨੂੰ ਖਤਮ ਕਰਨ ਦੀ ਘਟਨਾ 9-10 ਜੂਨ ਦੀ ਰਾਤ ਦੀ ਦੱਸੀ ਜਾਂਦੀ ਹੈ, ਜਦੋਂ ਕਥਿਤ ਮੁਲਜ਼ਮਾਂ ਨੇ ਪਹਿਲਾਂ ਉਸਨੂੰ ਕਿਸੇ ਪ੍ਰਮੋਸ਼ਨਲ ਕੰਮ ਦੇ ਨਾਂ ‘ਤੇ ਬਠਿੰਡੇ ਬੁਲਾਇਆ ਸੀ। ਮਾਮਲੇ ਦੇ ਵੇਰਵੇ ਮੁਤਾਬਕ, ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ 11 ਜੂਨ 2025 ਨੂੰ ਅਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਕੰਚਨ ਕੁਮਾਰੀ ਨੂੰ ਅਗਵਾ ਕੀਤਾ ਅਤੇ ਉਸਨੂੰ ਖਤਮ ਕਰ ਦਿੱਤਾ ਸੀ, ਜਿਸਦੀ ਲਾਸ਼ ਬਠਿੰਡਾ ਦੇ ਅਦੇਸ਼ ਹਸਪਤਾਲ ਦੀ ਪਾਰਕਿੰਗ ‘ਚ ਖੜੀ ਕਾਰ ‘ਚੋਂ ਬਰਾਮਦ ਹੋਈ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਕੰਚਨ ਕੁਮਾਰੀ ਦੀ ਜਾਨ ਗਲਾ ਘੁੱਟਣ ਕਰਕੇ ਗਈ ਸੀ।

ਇਸ ਮਾਮਲੇ ਵਿੱਚ ਅਮ੍ਰਿਤਪਾਲ ਦੇ ਸਾਥੀ ਦੱਸੇ ਜਾਂਦੇ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਕੰਚਨ ਕੁਮਾਰੀ ਨੂੰ ਖਤਮ ਕਰਨ ਪਿੱਛੇ ਮੁੱਖ ਕਾਰਨ ਕਥਿਤ ਤੌਰ ‘ਤੇ ਉਸ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਜਾਂਦੀ ਅਸ਼ਲੀਲ ਸਮੱਗਰੀ ਸੀ, ਜੋ ਕਿ ਸਮਾਜਿਕ ਅਤੇ ਧਾਰਮਿਕ ਭਾਵਨਾਵਾਂ ਦੇ ਖਿਲਾਫ਼ ਸੀ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਹੀ ਅਮ੍ਰਿਤਪਾਲ ਸਿੰਘ ਮਹਿਰੋਂ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰ ਲਈ ਸੀ ਅਤੇ ਦੇਸ਼ ਤੋਂ ਬਾਹਰ ਚਲਾ ਗਿਆ ਸੀ।

ਉਸ ਸਮੇਂ ਤੱਕ ਉਸਦੇ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਨਹੀਂ ਸੀ ਹੋ ਸਕਿਆ, ਜਿਸ ਕਾਰਨ ਉਹ ਵਿਦੇਸ਼ ਜਾਣ ਵਿੱਚ ਕਾਮਯਾਬ ਰਿਹਾ। ਪੁਲਿਸ ਨੇ ਬਾਅਦ ਵਿੱਚ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਉਸਦੀ ਲੋਕੇਸ਼ਨ ਟ੍ਰੇਸ ਕੀਤੀ ਅਤੇ ਉਸਨੂੰ ਮੱਧ ਪੂਰਬ ਵਿੱਚ ਪਛਾਣ ਲਿਆ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਨਵਰੀ ਮਹੀਨੇ ਸ਼ਾਰਜਾਹ ਪੁਲਿਸ ਵੱਲੋਂ ਮਹਿਰੋਂ ਨੂੰ ਵੀਜ਼ਾ ਸਬੰਧੀ ਪੁੱਛਗਿੱਛ ਦੌਰਾਨ ਹਿਰਾਸਤ ‘ਚ ਲਿਆ ਗਿਆ ਸੀ, ਸ਼ਾਇਦ ਤੁਹਾਨੂ ਯਾਦ ਹੋਵੇ ਕਿ ਜਨਵਰੀ ਮਹੀਨਾ ਚੜ੍ਹਦਿਆਂ ਹੀ ਅਮ੍ਰਿਤਪਾਲ ਸਿੰਘ ਦੀ ਦੁਬਈ ‘ਚ ਗ੍ਰਿਫਤਾਰੀ ਦੀ ਖਬਰ ਕਾਫੀ ਵਾਇਰਲ ਹੋਈ ਸੀ, ਪਰ ਉਦੋਂ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸਦੀ ਪੁਸ਼ਟੀ ਨਹੀਂ ਸੀ ਕੀਤੀ।

ਪਰ ਹੁਣ ਇਸ ਗ੍ਰਿਫਤਾਰੀ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਠਿੰਡਾ ਪੁਲਿਸ ਦੀ ਟੀਮ ਵੱਲੋਂ ਯੂਏਈ ਅਧਿਕਾਰੀਆਂ ਤੋਂ ਮਹਿਰੋਂ ਦੀ ਹਿਰਾਸਤ ਲਈ ਗਈ ਹੈ ਅਤੇ ਉਸਨੂੰ ਭਾਰਤ ਲਿਆਂਦਾ ਗਿਆ, ਜਿਸਦੀ ਅਗਵਾਈ ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਕਰ ਰਹੇ ਸਨ।

ਇਸ ਮਾਮਲੇ ਨੇ ਪੰਜਾਬ ਭਰ ਵਿੱਚ ਵੱਡੀ ਚਰਚਾ ਨੂੰ ਜਨਮ ਦਿੱਤਾ ਸੀ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ। ਹੁਣ ਕਥਿਤ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨਾਲ ਮਾਮਲੇ ਦਾ ਪੂਰਾ ਸੱਚ ਸਾਹਮਣੇ ਆਉਣ ਦੇ ਨਾਲ-ਨਾਲ ਹੋਰ ਖੁਲਾਸਿਆਂ ਦੀ ਉਮੀਦ ਵੀ ਕੀਤੀ ਜਾ ਰਹੀ ਹੈ।

Exit mobile version