The Khalas Tv Blog Lok Sabha Election 2024 ਅੰਮ੍ਰਿਤਪਾਲ ਸਿੰਘ ਨੇ ਭਰੀ ਨਾਮਜ਼ਦਗੀ! ਚਾਚੇ ਨੇ ਜਮ੍ਹਾ ਕਰਵਾਏ ਕਾਗਜ਼, ਇੱਕ ਕੰਮ ਹਾਲੇ ਵੀ ਬਾਕੀ
Lok Sabha Election 2024 Punjab

ਅੰਮ੍ਰਿਤਪਾਲ ਸਿੰਘ ਨੇ ਭਰੀ ਨਾਮਜ਼ਦਗੀ! ਚਾਚੇ ਨੇ ਜਮ੍ਹਾ ਕਰਵਾਏ ਕਾਗਜ਼, ਇੱਕ ਕੰਮ ਹਾਲੇ ਵੀ ਬਾਕੀ

ਬਿਉਰੋ ਰਿਪੋਰਟ – ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਹਲਕੇ ਤੋਂ ਨਾਮਜ਼ਦਗੀ ਭਰ ਦਿੱਤੀ ਹੈ। ਉਨ੍ਹਾਂ ਦੇ ਵੱਲੋਂ ਚਾਚੇ ਸੁਖਚੈਨ ਸਿੰਘ ਨੇ ਡੀਸੀ ਦਫ਼ਤਰ ਵਿੱਚ ਕਾਗਜ਼ ਜਮ੍ਹਾ ਕਰਵਾਏ ਹਨ। ਉਨ੍ਹਾਂ ਨੇ ਦੱਸਿਆ ਸੀ ਕਿ ਸੋਮਵਾਰ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਬੈਂਕ ਖ਼ਾਤਾ ਵੀ ਖੋਲ੍ਹ ਲਿਆ ਜਾਵੇਗਾ। ਇਸ ਦੇ ਲਈ ਉਹ ਅਸਾਮ ਜਾ ਕੇ ਹਸਤਾਖ਼ਰ ਕਰਵਾਉਣਗੇ।

ਨਾਮਜ਼ਦਗੀ ਮੌਕੇ ਚਾਚਾ ਸੁਖਚੈਨ ਸਿੰਘ ਦੇ ਨਾਲ ਚੋਣ ਏਜੰਟ ਹਰਜੋਤ ਸਿੰਘ ਮਾਨ ਤੇ ਕਾਨੂੰਨੀ ਸਲਾਹਕਾਰ ਗੁਰਪ੍ਰੀਤ ਸਿੰਘ ਵੀ ਮੌਜੂਦ ਰਹੇ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅੰਮ੍ਰਿਤਪਾਲ ਸਿੰਘ ਵੱਲੋਂ ਨਾਮਜ਼ਦਗੀ ਦੇ ਲਈ 7 ਦਿਨਾਂ ਦੀ ਆਰਜ਼ੀ ਰਿਹਾਈ ਦੀ ਵੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਇਸ ਨੂੰ ਨਾਮਨਜ਼ੂਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਸਾਰੇ ਕਾਗਜ਼ਾਦ ਡਿਬਰੂਗੜ੍ਹ ਦੇ ਜੇਲ੍ਹਰ ਅਧੀਨ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਸਨ।

ਅੰਮ੍ਰਿਤਪਾਲ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਵਿੱਚ ਸਭ ਤੋਂ ਉੱਤੇ ਅੰਮ੍ਰਿਤਸਰ ਸਿੰਘ ਕੇਸਰੀ ਦਸਤਾਰ ਵਿੱਚ ਕ੍ਰਾਸ ਹਸਤਾਖ਼ਰ ਵਾਲੀ ਫੋਟੋ ਲਾਈ ਹੈ। ਇਸ ਤੋਂ ਇਲਾਵਾ ਉੱਤੇ ਹੀ ਡਿਬਰੂਗੜ੍ਹ ਜੇਲ੍ਹ ਦੇ ਸਹਾਇਕ ਜੇਲ੍ਹਰ ਦੀ ਸਟੈਂਪ ਤੇ ਹਸਤਾਖ਼ਰ ਹਨ। ਵਾਰਿਸ ਪੰਜਾਬ ਦੇ ਮੁਖੀ ਨੇ ਆਪਣੀ ਉਮਰ 31 ਸਾਲ ਦੱਸੀ ਹੈ ਤੇ ਘਰ ਦਾ ਪਤਾ ਪਿੰਡ ਜੱਲੂਪੁਰ ਖੈੜਾ, ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਲਿਖਵਾਇਆ ਹੈ।

ਅੰਮ੍ਰਿਤਪਾਲ ਕੋਲ ਸਿਰਫ਼ 1 ਹਜ਼ਾਰ ਰੁਪਏ 

ਅੰਮ੍ਰਿਤਪਾਲ ਸਿੰਘ ਵੱਲੋਂ ਜਮਾ ਕੀਤੇ ਗਏ ਐਫੀਡੇਵਿਟ ਮੁਤਾਬਿਕ ਉਨ੍ਹਾਂ ਦੇ ਕੋਲ ਸਿਰਫ਼ 1 ਹਜ਼ਾਰ ਰੁਪਏ ਹਨ । ਅੰਮ੍ਰਿਤਪਾਲ ਸਿੰਘ ਕੋਲ ਨਾ ਕੋਈ ਜਾਇਦਾਦ ਹੈ ਨਾ ਹੀ ਕੋਈ ਗਹਿਣਾ, ਹਾਲਾਂਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦੇ ਨਾਂ ਤਕਰੀਬਨ 18.17 ਲੱਖ ਦੀ ਜਾਇਦਾਦ ਹੈ । ਜਿਸ ਵਿੱਚੋਂ 4 ਲੱਖ ਖਾਤੇ ਵਿੱਚ ਹਨ ਅਤੇ 14 ਲੱਖ ਰੁਪਏ ਦੇ ਗਹਿਣੇ ਕਿਰਨਦੀਪ ਕੌਰ ਦੇ ਕੋਲ ਹਨ ।

ਪੰਜਾਬ ਵਿੱਚ ਅੰਮ੍ਰਿਤਪਾਲ ‘ਤੇ 11 ਕੇਸ ਦਰਜ ਹਨ

ਅੰਮ੍ਰਿਤਪਾਲ ਵੱਲੋਂ ਦਾਖਲ ਕੀਤੇ ਗਏ ਐਫੀਡੇਵਿਟ ਮੁਤਾਬਿਕ ਉਨ੍ਹਾਂ ਖਿਲਾਫ ਪੰਜਾਬ ਅਤੇ ਅਸਾਮ ਵਿੱਚ ਤਕਰੀਬਨ 12 ਕ੍ਰਿਮਿਨਲ ਕੇਸ ਦਰਜ ਹਨ ਜਿੰਨਾਂ ਵਿੱਚੋਂ 11 ਕੇਸ ਸਿਰਫ਼ ਪੰਜਾਬ ਵਿੱਚ ਹੀ ਹਨ । ਸਭ ਤੋਂ ਜ਼ਿਆਦਾ ਜਲੰਧਰ ਦੀ ਪੇਂਡੂ ਪੁਲਿਸ ਵੱਲੋਂ 5 ਕੇਸ ਦਰਜ ਕੀਤੇ ਗਏ ਹਨ । ਉਧਰ 4 ਕੇਸ ਅੰਮ੍ਰਿਤਸਰ ਅਤੇ 2 ਕੇਸ ਮੋਗਾ ਵਿੱਚ ਦਰਜ ਹਨ । ਦਰਜ ਕੀਤੇ ਗਏ ਜ਼ਿਆਦਾਤਰ ਕੇਸ ਦੇਸ਼ ਦਾ ਮਾਹੌਲ ਖਰਾਬ ਕਰਨ ਨਾਲ ਸਬੰਧਤ ਹਨ,ਕਈ ਕੇਸਾਂ ਵਿੱਚ ਅਗਵਾਕਰਨ ਅਤੇ ਆਰਮਸ ਐਕਟ ਦੀਆਂ ਧਾਰਾਵਾਂ ਵੀ ਲਗਾਇਆ ਗਈਆਂ ਹਨ ।

ਅੰਮ੍ਰਿਤਪਾਲ ਸਿੰਘ ਦਾ ਵੋਟ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਅਧੀਨ ਹੈ। ਨਾਮਜ਼ਦਗੀ ਵਿੱਚ ਕੋਈ ਫੋਨ ਨੰਬਰ ਨਹੀਂ ਲਿਖਿਆ ਗਿਆ, ਸਿਰਫ਼ ਇਹ ਲਿਖਿਆ ਗਿਆ ਹੈ ਕਿ ਡਿਬੜੂਗੜ੍ਹ ਜੇਲ੍ਹ ਵਿੱਚ ਡਿਟੇਨ ਕੀਤਾ ਗਿਆ ਹੈ। ਨਾਮਜ਼ਦਗੀ ਪੇਪਰ ਦੇ ਹੇਠਾਂ 9 ਮਈ ਦੀ ਤਰੀਕ ਲਿਖੀ ਗਈ ਹੈ ਜਿਸ ’ਤੇ ਅੰਮ੍ਰਿਤਪਾਲ ਸਿੰਘ ਦੇ ਪੰਜਾਬੀ ਵਿੱਚ ਹਸਤਾਖ਼ਰ ਹਨ। ਨੋਟਰੀ ਸਟੈਂਪ ’ਤੇ ਡਿਬਰੂਗੜ੍ਹ ਲਿਖਿਆ ਗਿਆ ਹੈ।

 

ਇਹ ਵੀ ਪੜ੍ਹੋ – ਕੇਜਰੀਵਾਲ ਨੂੰ ‘ਸੁਪ੍ਰੀਮ’ ਰਾਹਤ! ਪਹਿਲੀ ਮਈ ਤੱਕ ਮਿਲੀ ਜ਼ਮਾਨਤ, 2 ਨੂੰ ਕਰਨਾ ਪਵੇਗਾ ਸਰੰਡਰ
Exit mobile version