The Khalas Tv Blog India ਅਮਿਤ ਸ਼ਾਹ ਦਾ ਵੱਡਾ ਬਿਆਨ ਪੰਜਾਬ ਦੇ ਕਾਨੂੰਨ ਹਾਲਾਤ ਖ਼ਰਾਬ !ਕੇਂਦਰ ਚੁੱਕੇਗੀ ਇਹ ਵੱਡਾ ਕਦਮ
India Punjab

ਅਮਿਤ ਸ਼ਾਹ ਦਾ ਵੱਡਾ ਬਿਆਨ ਪੰਜਾਬ ਦੇ ਕਾਨੂੰਨ ਹਾਲਾਤ ਖ਼ਰਾਬ !ਕੇਂਦਰ ਚੁੱਕੇਗੀ ਇਹ ਵੱਡਾ ਕਦਮ

amit shah statment Punjab law and order is not well

ਮੰਗਲਵਾਰ ਨੂੰ ਪੂਰੇ ਪੰਜਾਬ ਵਿੱਚ ਆਪਰੇਸ਼ਨ ਕਲੀਨ ਨਾਂ ਨਾਲ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ

ਬਿਊਰੋ ਰਿਪੋਰਟ : ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ( Home minister Amit shah)ਦਾ ਵੀ ਵੱਡਾ ਬਿਆਨ ਸਾਹਮਣੇ ਆਈ ਹੈ। ਉਨ੍ਹਾਂ ਨੇ ਇਕ ਪ੍ਰੋਗਰਾਮ ਵਿੱਚ ਬੋਲ ਦੇ ਹੋਏ ਪੂਰੇ ਹਾਲਾਤਾਂ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ‘ਸੂਬੇ ਦੀ ਕਾਨੂੰਨ ਵਿਵਥਾ ਡਗਮਗਾ ਗਈ ਹੈ।ਕੇਂਦਰ ਨੇ ਮੁਸਤੈਦੀ ਨਾਲ ਨਜ਼ਰ ਬਣਾਈ ਹੋਈ ਹੈ । ਅਸੀਂ ਹਾਲਾਤ ਬੇਕਾਬੂ ਨਹੀਂ ਹੋਣ ਦੇਵਾਂਗੇ, ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕਦਮ ਚੁੱਕਣਗੇ ।’ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਬਿਆਨ ਕਾਫ਼ੀ ਹੈ । ਉਧਰ ਵਿਰੋਧੀ ਧਿਰ ਨੂੰ ਮਾਨ ਸਰਕਾਰ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ ।

ਸ਼ਾਹ ਦੇ ਬਿਆਨ ‘ਤੇ ਵਿਰੋਧੀਆਂ ਦਾ ਵਾਰ

ਅਕਾਲੀ ਦਲ ਨੇ ਇਲਜ਼ਾਮ ਲਗਾਇਆ ਹੈ ਕਿ ਸੂਬੇ ਦੇ ਕਾਨੂੰਨੀ ਹਾਲਤ ਚੰਗੇ ਨਹੀਂ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ ਉਹ ਗੁਜਰਾਤ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ 8 ਮਹੀਨੇ ਦੇ ਅੰਦਰ ਸ਼ਰੇਆਮ ਕਤਲ ਹੋਏ,ਖਿਡਾਰੀਆਂ,ਗਾਇਕ,ਸਿਆਸਤਦਾਨਾਂ ਤੋਂ ਲੈਕੇ ਆਮ ਜਨਤਾ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਗਿਆ। ਉਧਰ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਕਾਨੂੰਨੀ ਹਾਲਾਤਾਂ ਨੂੰ ਲੈਕੇ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕੁਝ ਲੋਕ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਦੇ ਲਈ ਬਿਆਨ ਦੇ ਰਹੇ ਹਨ ਪਰ ਮਾਨ ਸਰਕਾਰ ਚੁੱਪ ਬੈਠੀ ਹੋਈ ਹੈ । ਉਧਰ ਆਮ ਆਦਮੀ ਪਾਰਟੀ ਨੇ ਕਿਹਾ ਸੂਬੇ ਦੇ ਹਾਲਾਤਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੂਰੀ ਨਜ਼ਰ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਜ਼ਮੀਨੀ ਪੱਧਰ ‘ਤੇ ਵੀ ਨਜ਼ਰ ਆਵੇਗੀ ।

8 ਮਹੀਨੇ ‘ਚ ਹੋਇਆ ਵਾਰਦਾਤਾਂ

ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਮਾਨ ਸਰਕਾਰ ਦੇ 8 ਮਹੀਨੇ ਅੰਦਰ ਗੈਂਗਸਟਰ ਬੇਲਗਾਮ ਹੋਏ ਹਨ। ਸਰਕਾਰ ਬਣਨ ਤੋਂ ਬਾਅਦ ਸਭ ਤੋਂ ਵੱਡੀ ਵਾਰਦਾਤ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਸਾਹਮਣੇ ਆਈ ਸੀ। ਸ਼ਾਹਕੋਟ ਦੇ ਰਹਿਣ ਵਾਲੇ ਅੰਬੀਆਂ ਨੂੰ ਸ਼ਰੇਆਮ ਕੱਬਡੀ ਮੈਚ ਦੌਰਾਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਉਸ ਤੋਂ ਬਾਅਦ 1 ਹੋਰ ਕੱਬਡੀ ਖਿਡਾਰੀ ‘ਤੇ ਜਾਨਲੇਵਾ ਹਮਲਾ ਹੋਇਆ । 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਜਿਸ ਤਰ੍ਹਾਂ ਕਤਲ ਕੀਤਾ ਗਿਆ ਉਹ ਸਭ ਤੋਂ ਹੈਰਾਨ ਕਰਨ ਵਾਲਾ ਸੀ। ਇਸ ਕਤਲਕਾਂਡ ਨੇ ਮਾਨ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਬੈਕਫੁੱਟ ‘ਤੇ ਖੜਾ ਕਰ ਦਿੱਤਾ ਸੀ ਕਿਉਂਕਿ ਇਕ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੀ ਗਈ ਸੀ ਅਤੇ ਉਸ ਨੂੰ ਜਨਤ ਵੀ ਕਰ ਦਿੱਤਾ ਗਿਆ ਸੀ ।

ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਇੰਡ ਗੋਲਡੀ ਬਰਾੜ ਨੇ ਆਪ ਦਾਅਵਾ ਕੀਤਾ ਸੀ ਕਿ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਤੋਂ ਬਾਅਦ ਹੀ ਉਨ੍ਹਾਂ ਨੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਆਮ ਆਦਮੀ ਪਾਰਟੀ ਨੂੰ ਇਸ ਦਾ ਖਾਮਯਾਜ਼ਾ ਵੀ ਸੰਗਰੂਰ ਦੀ ਜ਼ਿੰਮਨੀ ਚੋਣਾਂ ਵਿੱਚ ਹਾਰ ਦੇ ਨਾਲ ਭੁਗਤਨਾ ਪਿਆ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਭਾਵੇਂ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਪਰ ਸਿੱਧੂ ਮੂਸੇਵਾਲਾ ਦੇ ਜ਼ਿਆਦਾਤਰ ਸ਼ੂਟਰਾਂ ਨੂੰ ਦਿੱਲੀ ਪੁਲਿਸ ਨੇ ਹੀ ਗਿਰਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਨਵੰਬਰ ਦੇ ਮਹੀਨੇ ਵਿੱਚ 2 ਤਾਜ਼ਾ ਵਾਰਦਾਤਾਂ ਨੇ ਮਾਨ ਸਰਕਾਰ ਦੇ ਕਾਨੂੰਨੀ ਹਾਲਾਤਾਂ ਦੇ ਦਾਅਵਿਆਂ ‘ਤੇ ਵੱਡੇ ਸਵਾਲ ਖੜੇ ਕਰ ਦਿੱਤ ਹਨ। ਪਹਿਲਾਂ ਅੰਮ੍ਰਿਤਸਰ ਵਿੱਚ ਪੁਲਿਸ ਸੁਰੱਖਿਆ ਵਿੱਚ ਸੁਧੀਰ ਸੂਰੀ ਦਾ ਕਤਲ ਹੋਇਆ ਫਿਰ ਕੁਝ ਹੀ ਦਿਨਾਂ ਦੇ ਅੰਦਰ ਕੋਟਕਪੂਰਾ ਵਿੱਚ ਬੇਅਦਬੀ ਕਾਂਡ ਦੇ ਮੁਲਜ਼ਮ ਪ੍ਰਦੀਪ ਕੁਮਾਰ ਦਾ ਸ਼ਰੇਆਮ 5 ਸੂਟਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ । ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਦੀਪ ਦੇ ਕਾਤਲ ਸ਼ੂਟਰਾਂ ਨੂੰ ਵੀ 24 ਘੰਟਿਆਂ ਦੇ ਅੰਦਰ ਦਿੱਲੀ ਪੁਲਿਸ ਨੇ ਪਟਿਆਲਾ ਵਿੱਚ ਐਂਕਾਉਂਟਰ ਦੌਰਾਨ ਗਿਰਫ਼ਤਾਰ ਕੀਤਾ । ਜਦਕਿ ਪੰਜਾਬ ਪੁਲਿਸ ਉਨ੍ਹਾਂ ਤੱਕ ਨਹੀਂ ਪਹੁੰਚ ਸਕੀ ਸੀ ।

 

Exit mobile version