ਬਿਊਰੋ ਰਿਪੋਰਟ : ਹੁਸ਼ਿਆਰਪੁਰ ਦੇ ਹਲਕਾ ਮੁਕੇਰਿਆ ਦਾ 24 ਸਾਲਾ ਮਨਦੀਪ ਸਿੰਘ ਵੱਡੇ ਸੁਪਣਿਆਂ ਦੇ ਨਾਲ 2019 ਵਿੱਚ ਅਮਰੀਕਾ ਗਿਆ ਸੀ । ਪਿਤਾ ਪੰਜਾਬ ਪੁਲਿਸ ਵਿੱਚ ASI ਹਨ,4 ਸਾਲ ਤੱਕ ਡੱਟ ਕੇ ਮਿਹਨਤ ਕੀਤਾ ਅਤੇ ਫਿਰ ਹੁਣ ਟਰੱਕ ਚਲਾਉਣ ਨਾਲ ਚੰਗੀ ਕਮਾਈ ਕਰਨ ਲੱਗਿਆ। ਪਰ ਸ਼ਾਇਦ ਕਿਸਮਤ ਨੂੰ ਕੁਝ ਹੋ ਮਨਜ਼ੂਰ ਸੀ । 19 ਜੂਨ ਦੀ ਰਾਤ ਮਨਦੀਪ ਸਿੰਘ ਨੇ ਪਿਤਾ ਜਰਨੈਲ ਸਿੰਘ ਨਾਲ ਗੱਲ ਕੀਤੀ ਦੱਸਿਆ ਕਿ ਉਹ ਕੈਨੇਡਾ ਤੋਂ 2 ਘੰਟੇ ਦੀ ਦੂਰੀ ‘ਤੇ ਹੈ ਅਤੇ ਰਾਤ ਬਹੁਤ ਹੋ ਗਈ ਹੈ ਉਹ ਖਾਣਾ ਖਾਕੇ ਸੋਣ ਜਾ ਰਿਹਾ ਹੈ । ਸਵੇਰੇ ਕੈਨੇਡਾ ਪਹੁੰਚ ਕੇ ਗੱਲ ਕਰੇਗਾ । ਬਸ ਫਿਰ ਕੀ ਸੀ ਪਿਉ ਪੁੱਤਰ ਦੀ ਆਵਾਜ਼ ਦਾ ਇੰਤਜ਼ਾਰ ਕਰਦਾ ਰਿਹਾ ਹੈ।
19 ਜੂਨ ਤੋਂ ਬਾਅਦ ਪੁੱਤਰ ਦੇ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ, ਉਸ ਦਾ ਫੋਨ ਆਫ ਸੀ । ਪਿਤਾ ਦੀਆਂ ਧੜਕਨਾਂ ਵੱਧ ਰਹੀਆਂ ਸੀ । ਫਿਰ 8 ਦਿਨ ਬਾਅਦ ਫੋਨ ਆਇਆ ਕਿ ਮਨਦੀਪ 8 ਦਿਨ ਤੱਕ ਜ਼ਿੰਦਗੀ ਦੀ ਜੰਗ ਲੜਦਾ ਰਿਹਾ ਅਤੇ ਹੁਣ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਪਿਤਾ ਜਰਨੈਲ ਸਿੰਘ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸ ਗਈ । ਪਤਾ ਚੱਲਿਆ ਕਿ ਮਨਦੀਪ ਜਦੋਂ ਕੈਨੇਡਾ ਦਾਖਲ ਹੋ ਰਿਹਾ ਸੀ ਤਾਂ ਉਸ ਦੀ ਇੱਕ ਹੋਰ ਟਰੱਕ ਨਾਲ ਜ਼ਬਰਦਸਤ ਟੱਕਰ ਹੋਈ ਅਤੇ ਟਰੱਕ ਨੂੰ ਅੱਗ ਲੱਗ ਗਈ । ਮਨਦੀਪ ਟਰੱਕ ਤੋਂ ਬਾਹਰ ਤਾਂ ਆ ਗਿਆ ਪਰ ਉਸ ਦੀ ਹਾਲਤ ਕਾਫੀ ਖਰਾਬ ਸੀ। ਮੈਡੀਕਲ ਟੀਮ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ 8 ਦਿਨ ਤੱਕ ਚੱਲੇ ਇਲਾਜ ਤੋਂ ਬਾਅਦ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ।
‘ਮੇਰੇ ਸ਼ਰੀਰ ਦਾ ਕੋਈ ਅੰਗ ਨਾ ਕੱਟਣਾ’
ਜਰਨੈਲ ਸਿੰਘ ਨੇ ਦੱਸਿਆ ਕਿ ਵਿਦੇਸ਼ ਤੋਂ ਆਏ ਫੋਨ ਅਤੇ ਇਸ ਦੇ ਬਾਅਦ ਇਕੱਠੀ ਕੀਤੀ ਜਾਣਕਾਰੀ ਵਿੱਚ ਪਤਾ ਚੱਲਿਆ ਹੈ ਕਿ 19 ਜੂਨ ਨੂੰ ਮਨਦੀਪ ਟਰੱਕ ਲੈਕੇ ਕੈਨੇਡਾ ਜਾ ਰਿਹਾ ਸੀ । 20 ਜੂਨ ਨੂੰ ਉਸ ਦੇ ਟਰੱਕ ਦੇ ਨਾਲ ਇੱਕ ਹੋਰ ਟਰੱਕ ਟਕਰਾਇਆ ਸੀ। ਜਰਨੈਲ ਸਿੰਘ ਨੇ ਦੱਸਿਆ ਕਿ ਉਸ ਨੂੰ ਦੱਸਿਆ ਗਿਆ ਟੱਕਰ ਤੋਂ ਬਾਅਦ ਮਨਦੀਪ ਦਾ ਟਰੱਕ ਬੁਰੀ ਤਰ੍ਹਾਂ ਨਾਲ ਅੱਗ ਦੀ ਚਪੇਟ ਵਿੱਚ ਆ ਗਿਆ ਸੀ ਜਦੋਂ ਉਸ ਨੂੰ ਰਾਹਤ ਦਲ ਦੀ ਟੀਮ ਨੇ ਹਸਪਤਾਲ ਪਹੁੰਚਾਇਆ ਤਾਂ ਉਸ ਨੇ ਆਪਣੀ ਹਾਲਤ ਵੇਖ ਦੇ ਹੋਏ ਕਿਹਾ ਮੇਰੇ ਸਰੀਰ ਦਾ ਕੋਈ ਅੰਗ ਨਾ ਕੱਟਣਾ ਮੈਂ ਠੀਕ ਹੋ ਜਾਵਾਂਗਾ ।
ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼
ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਅਤੇ ਪੁਲਿਸ ਮ੍ਰਿਤਕ ਦੇਹ ਨੂੰ ਭੇਜਣ ਦੀ ਤਿਆਰੀ ਕਰ ਰਹੀ ਹੈ । ਇਹ ਵੀ ਪਤਾ ਚੱਲ਼ਿਆ ਹੈ ਕਿ ਲਾਸ਼ ਕਾਫੀ ਸੜ ਗਈ ਹੈ,ਅਜਿਹੇ ਵਿੱਚ ਮ੍ਰਿਤਕ ਦੇਹ ਨੂੰ ਭਾਰਤ ਲਿਆਇਆ ਜਾ ਸਕੇਗਾ ਇਸ ਨੂੰ ਲੈਕੇ ਸਵਾਲ ਹਨ । ਉਧਰ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਅਖੀਰਲੀ ਵਾਰ ਵੇਖਣ ਦੇ ਲਈ ਭਾਰਤ ਲਿਆਇਆ ਜਾਵੇ ।