The Khalas Tv Blog India ਦਿੱਲੀ ਨੂੰ ਕੂਚ ਕਰਦੇ ਕਿਸਾਨਾਂ ‘ਤੇ ਅੰਬਾਲਾ ਪੁਲਿਸ ਨੇ ਕੀਤੀਆਂ ਪਾਣੀਆਂ ਦੀਆਂ ਬੁਛਾੜਾਂ
India

ਦਿੱਲੀ ਨੂੰ ਕੂਚ ਕਰਦੇ ਕਿਸਾਨਾਂ ‘ਤੇ ਅੰਬਾਲਾ ਪੁਲਿਸ ਨੇ ਕੀਤੀਆਂ ਪਾਣੀਆਂ ਦੀਆਂ ਬੁਛਾੜਾਂ

‘ਦ ਖ਼ਾਲਸ ਬਿਊਰੋ :-  ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਲੀ ਵੱਲ ਕੂਚ ਕਰਦਿਆਂ ਆਪਣੇ ਟਰੈਕਟਰ ਟਰਾਲੀਆਂ, ਟਰੱਕਾਂ ਤੇ ਬੱਸਾਂ ਨੂੰ ਝੰਡਿਆਂ ਤੇ ਨਾਅਰਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਲੰਮੇ ਚੱਲਣ ਵਾਲੇ ਇਸ ਕਿਸਾਨੀ ਸੰਘਰਸ਼ ਲਈ ਕਿਸਾਨ ਨੇ ਸਰਦੀ ਦੇ ਮੌਸਮ ‘ਚ ਲੋੜੀਂਦੇ ਕੱਪੜੇ, ਰਾਸ਼ਣ ਅਤੇ ਹੋਰ ਸਮਾਨ ਦਾ ਪ੍ਰਬੰਧ ਕਰ ਆਪਣੀ ਟਰਾਲੀਆਂ ਨੂੰ ਲੱਦ ਲਿਆ ਗਿਆ ਹੈ।

ਉੱਧਰ ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸੂਬੇ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਹਰਿਆਣਾ ਪੁਲਿਸ ਦਾ ਵੱਡਾ ਜਮਾਵੜਾ ਪੰਜਾਬ – ਹਰਿਆਣਾ ਦੀਆਂ ਸਰਹੱਦਾ ਉੱਤੇ ਸਖ਼ਤੀ ਕਰਨ ਦੇ ਪੂਰੇ ਸਾਜ਼ੋ ਸਮਾਨ ਨਾਲ ਤਿਆਰ ਖੜ੍ਹਿਆ ਹੈ।

ਅੰਬਾਲਾ ਵਿੱਚ ਕਿਸਾਨਾਂ ਨੇ ਤੋੜੇ ਨਾਕੇ

ਸੂਤਰਾਂ ਦੀ ਜਾਣਕਾਰੀ ਮੁਤਾਬਿਕ ਕਿਸਾਨਾਂ ਨੇ ਅੰਬਾਲਾ ਵਿੱਚ ਪੁਲਿਸ ਬੈਰੀਕੇਡਸ ਤੋੜ ਕੇ ਅੱਗੇ ਵੱਧਯ ਦੀ ਕੋਸ਼ਿਸ਼ ਕੀਤੀ ਹੈ, ਪਰ ਪੁਲਿਸ ਵਲੋਂ ਟਰੈਕਰ ਟਰਾਲੀਆਂ ਉੱਤੇ ਪਾਣੀਆਂ ਦੀਆਂ ਬੌਛਾੜਾਂ ਕਰ ਦਿੱਤੀਆਂ ਗਈਆਂ ਪਰ ਫਿਰ ਵੀ ਟਰੈਕਟਰ ਅੱਗੇ ਵਧਦੇ ਰਹੇ।

ਅੰਬਾਲਾ ਦੇ ਮੋੜਾ ਅਨਾਜ ਮੰਡੀ ਤੋਂ ਅੱਗੇ ਲਗਾਏ ਇਸ ਨਾਕੇ ਨੂੰ ਲੰਘਣ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚਰੁਨੀ ਨੇ ਇੱਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਉਹ ਮੋੜਾ ਮੰਡੀ ਤੋਂ 15 ਕਿਲੋਮੀਟਰ ਅੱਗੇ ਆ ਗਏ ਹਨ ਅਤੇ ਉਹ ਪੂਰੀ ਤਰ੍ਹਾਂ ਸਾਂਤਮਈ ਰਹਿ ਕੇ ਅੱਗੇ ਵੱਧ ਰਹੇ ਹਾਂ ਅਤੇ ਸਾਂਤਮਈ ਰਹਿ ਕੇ ਹੀ ਅੱਗੇ ਵਧਦੇ ਰਹਾਂਗੇ।

ਖਨੌਰੀ ਬਾਰਡਰ ਉੱਤੇ ਹਾਲਾਤ

ਬਰਨਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖਨੌਰੀ ਬਾਰਡਰ ਉੱਤੇ ਇਕੱਠ ਕੀਤਾ ਜਾ ਰਿਹਾ ਹੈ। ਕਿਸਾਨ ਯੂਨੀਅਨ ਦੀਆਂ ਲੰਗਰ, ਬਾਲਣ ਅਤੇ ਰਸਦ ਦੀਆਂ ਟਰਾਲੀਆਂ ਪਹਿਲਾਂ ਹੀ ਪਹੁੰਚ ਚੁੱਕੀਆਂ ਹਨ। ਬਰਨਾਲਾ ਸੰਗਰੂਰ, ਮਾਨਸਾ ਤੇ ਮਾਲਵੇ ਦੇ ਹੋਰ ਜ਼ਿਲ੍ਹਿਆਂ ਦੇ ਕਿਸਾਨ 25 ਨਵੰਬਰ ਸ਼ਾਮ ਤੋਂ ਹੀ ਪਹੁੰਚਣੇ ਸ਼ੁਰੂ ਹੋ ਜਾਣਗੇ। ਪਿੰਡਾਂ ਵਿਚੋਂ ਕਾਫਲਿਆਂ ਦੇ ਰੂਪ ਵਿੱਚ ਲੋਕ ਖਨੌਰੀ ਬਾਰਡਰ ਲਈ ਚੱਲ ਪਏ ਹਨ।

ਮੌਕੇ ਉੱਤੇ ਮੌਜੂਦ ਬੀਕੇਯੂ ਉਗਰਾਹਾਂ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ ਗਿਆ ਤਾਂ ਉਹ ਇੱਥੇ ਹੀ ਮੋਰਚਾ ਲਾ ਕੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਣਗੇ।

ਹਰਿਆਣਾ ਸਰਕਾਰ ਦੇ ਬੰਦੋਬਸਤ

ਹਰਿਆਣਾ ਪੁਲਿਸ ਵੱਲੋਂ ਖਨੌਰੀ, ਸ਼ੰਭੂ, ਅੰਬਾਲਾ ਅਤੇ ਪੰਚਕੂਲਾ ਤੋਂ ਦਿੱਲੀ ਜਾਣ ਵਾਲੇ ਰਸਤਿਆਂਉੱਤੇ ਪੱਥਰ ਅਤੇ ਬੈਰੀਕੇਡ ਲਗਾ ਕੇ ਰੋਡ ਜਾਮ ਕੀਤਾ ਹੋਇਆ ਹੈ। ਜ਼ਿਲ੍ਹਿਆਂ ਵਿੱਚ ਧਾਰਾ 144 ਲੱਗੇ ਹੋਣ ਦੀ ਅਨਾਉਂਸਮੈਂਟ ਵਾਰ ਵਾਰ ਕੀਤੀ ਜਾ ਰਹੀ ਹੈ।

ਆਮ ਲੋਕਾਂ ਅਤੇ ਮੀਡੀਆ ਨੂੰ ਵੀ ਬੈਰੀਕੇਡਸ ਤੋਂ.ਦੂਰ ਹੋਣ ਦੀ ਅਪੀਲ ਲਾਉਡ ਸਪੀਕਰ ਰਾਹੀਂ ਕੀਤੀ ਜਾ ਰਹੀ ਹੈ।ਹਰਿਆਣਾ ਪੁਲਿਸ ਦੇ ਡੀ ਆਈਜੀ ਓ ਪੀ ਨਰਵਾਲ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਹੋ ਕੇ ਦਿੱਲੀ ਨਹੀਂ ਜਾਣ ਦਿੱਤਾ ਜਾਵੇਗਾ।

ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਇੱਕ ਪਹਿਲਾਂ ਹੀ ਦਿੱਲੀ ਵੱਲ ਚੱਲ ਚੁੱਕ ਹਨ, ਇਸ ਲਈ ਪੰਜਾਬ ਨਾਲ ਲੱਗਦੀ ਹਰਿਆਣਾ ਦੀ ਸਰਹੱਦ ਸੀਲ਼ ਕਰ ਦਿੱਤੀ ਗਈ ਹੈ। ਕਿਸਾਨ ਦਿੱਲੀ ਜਾ ਰਹੇ ਹਨ ਤਾਂ ਹਰਿਆਣਾ ਨੂੰ ਕਿਸ ਗੱਲ ਦਾ ਡਰ, ਮੀਡੀਆ ਦੇ ਇਸ ਸਵਾਲ ਉੱਤੇ ਹਰਿਆਣਾ ਪੁਲਿਸ ਦੇ ਡੀਆਈਜੀ ਓ ਪੀ ਨਰਵਾਲ ਨੇ ਕਿਹਾ ਕਿਸਾਨ ਹਰਿਆਣਾ ਵਿਚ ਭੰਨਤੋੜ ਕਰ ਸਕਦੇ ਹਨ।

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕਿਸਾਨ ਦੋ ਮਹੀਨੇ ਤੋਂ ਸਾਂਤਮਈ ਮੁਜ਼ਾਹਰੇ ਕਰ ਰਹੇ ਹਨ ਤਾਂ ਹਰਿਆਣਾ ਪੁਲਿਸ ਕਿਉਂ ਡਰ ਰਹੀ ਹੈ ਤਾਂ ਉਨ੍ਹਾਂ ਕਿਹਾ, ਇਹ ਕਿਸਾਨ ਦਿੱਲੀ ਹੈ ਜਾ ਰਹੇ ਹਨ ਇਸ ਤਰ੍ਹਾਂ ਕਾਰਵਾਂ ਬਣਾ ਕੇ ਹਰਿਆਣਾ ਵਿਚੋਂ ਲੰਘਣ ਦੀ ਇਜਾਜ਼ਤ ਪ੍ਰਸਾਸ਼ਨ ਨਹੀਂ ਦੇ ਸਕਦਾ।

ਹਰਿਆਣਾ ਪੰਜਾਬ ਖਨੌਰੀ ਸਰਹੱਦ ਉੱਤੇ ਮੀਡੀਆ ਨਾਲ ਗੱਲਾਬਤ ਦੌਰਾਨ ਦੱਸਿਆ ਗਿਆ ਕਿ ਇੱਥੇ 2 ਹਜ਼ਾਰ ਜਵਾਨ ਤੈਨਾਤ ਕੀਤੇ ਗਏ ਹਨ ਅਤੇ ਇੱਥੋਂ ਲੰਘਣ ਵਾਲੇ 8 ਮੇਨ ਰਾਹਾਂ ਉੱਤੇ ਨਾਕੇਬੰਦੀ ਕੀਤੀ ਗਈ ਹੈ। ਕਿਸਾਨਾਂ ਦੀ ਹਿਮਾਇਤ ਲਈ ਸਰਹੱਦਾਂ ‘ਤੇ ਰਾਸ਼ਣ-ਪਾਣੀ ਲੈ ਕੇ ਲਾਗਲੇ ਪਿੰਡਾਂ ਦੇ ਕਿਸਾਨ ਪਰਿਵਾਰ ਪੁੱਜ ਰਹੇ ਹਨ ਅਤੇ ਆਪਣਾ ਪੂਰਾ ਸਮਰਥਨ ਦੇ ਰਹੇ ਹਨ।

ਪਿੰਡ ਗੁਰੂ ਨਾਨਕ ਪੁਰਾ ਤੋਂ ਆਏ ਸਾਬ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦੇ ਕਿਸਾਨਾਂ ਦਾ ਪੂਰਾ ਸਮਰਥਨ ਕਰਦੇ ਹਨ ਅਤੇ ਕੇਂਦਰ ਸਰਕਾਰ ਨੂੰ ਇਸ ਕਾਲੇ ਕਾਨੂੰਨ ਨੂੰ ਵਾਪਸ ਲੈਣ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਸਾਰੇ ਕਿਸਾਨਾਂ ਦੇ ਨਾਲ ਹਾਂ। ਅੱਜ ਅਸੀਂ ਕਿਸਾਨਾਂ ਲਈ ਚਾਹ-ਨਾਸ਼ਤਾ ਲੈ ਕੇ ਪੁੱਜੇ ਹਾਂ। ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਸਾਡਾ ਪੂਰਾ ਪਿੰਡ ਤਿਆਰ ਹੈ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ, ਅਸੀਂ ਆਪਣੇ ਕਿਸਾਨਾਂ ਨੂੰ ਮੁਹਈਆ ਕਰਾਵਾਂਗੇ।”

ਦੱਸਣਯੋਗ ਕਿ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਵੱਲ ਕਿਸਾਨਾਂ ਦੇ 26-27 ਨਵੰਬਰ ਨੂੰ ਹੋਣ ਵਾਲੇ ਮਾਰਚ ਨੂੰ ਰੋਕਣ ਲਈ ਮਨੋਹਰ ਲਾਲ ਖੱਟਰ ਸਰਕਾਰ ਨੇ ਦੋਹਰੀ ਨੀਤੀ ਅਪਣਾਈ ਹੈ।

ਇੱਕ ਪਾਸੇ ਹਰਿਆਣਾ ਵਿੱਚ ਕਿਸਾਨ ਆਗੂਆਂ ਖ਼ਿਲਾਫ਼ ਫੜ੍ਹੋਫੜੀ ਮੁਹਿੰਮ ਚਲਾਈ ਗਈ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਤੋਂ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਦੀਆਂ ਸਰਹੱਦਾਂ ਨੂੰ ਸੀਲ਼ ਕੀਤਾ ਗਿਆ ਹੈ। ਪਰ ਪੰਜਾਬ ਦੇ ਕਿਸਾਨਾਂ ਦੇ ਹੱਕ ’ਚ ਹਰਿਆਣਾ ਦੇ ਕਿਸਾਨ ਵੀ ਨਿਤਰ ਰਹੇ ਹਨ।

 

Exit mobile version