‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਅੱਜ ਗੱਠਜੋੜ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ 2022 ਵਿਧਾਨ ਸਭਾ ਚੋਣਾਂ ਸਮੇਤ ਸਾਰੀਆਂ ਚੋਣਾਂ ਇਕੱਠੇ ਲੜਨਗੇ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ 100 ਸਾਲ ਪੂਰੇ ਹੋ ਗਏ ਹਨ। ਇਹ ਇੱਕ ਇਤਿਹਾਸਕ ਦਿਨ ਹੈ। ਇਸ ਗੱਠਜੋੜ ਦੇ ਹੋਣ ਵਿੱਚ ਸਭ ਤੋਂ ਵੱਡਾ ਯੋਗਦਾਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਦਾ ਹੈ। ਬਹੁਜਨ ਸਮਾਜ ਪਾਰਟੀ ਨਾਲ ਪਹਿਲਾ ਸਮਝੌਤਾ 1996 ਵਿੱਚ ਹੋਇਆ। ਇਹ ਗੱਠਜੋੜ ਕੋਈ ਅਸਥਾਈ ਨਹੀਂ ਹੈ, ਹਮੇਸ਼ਾ ਲਈ ਹੋ ਗਿਆ ਹੈ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਕਰੋਨਾ ਮਹਾਂਮਾਰੀ ਕਾਰਨ ਸ਼ਾਮਿਲ ਨਹੀਂ ਹੋ ਸਕੇ। ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਕਰੋਨਾ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਉਹ ਇਸ ਗੱਠਜੋੜ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਸਕੇ।
ਬਹੁਜਨ ਸਮਾਜ ਪਾਰਟੀ ਦੇ ਲੀਡਰ ਸਤੀਸ਼ ਮਿਸ਼ਰਾ ਨੇ ਕਿਹਾ ਕਿ ਅੱਜ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋ ਗਿਆ ਹੈ। ਇਹ ਗੱਠਜੋੜ 25 ਸਾਲ ਆਪਸ ਵਿੱਚ ਵਿਛੜਨ ਤੋਂ ਬਾਅਦ ਮੁੜ ਹੋਇਆ ਹੈ। ਇਹ ਗੱਠਜੋੜ ਹੁਣ ਟੁੱਟੇਗਾ ਨਹੀਂ। ਦੋਵੇਂ ਪਾਰਟੀਆਂ ਕਿਸਾਨਾਂ, ਦਲਿਤਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਨੂੰ ਉਠਾਉਂਦੀਆਂ ਰਹੀਆਂ ਹਨ ਅਤੇ ਉਠਾਉਂਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਮਾਇਆਵਤੀ ਖੁਦ ਆਉਣਾ ਚਾਹੁੰਦੇ ਸਨ ਅਤੇ ਗੱਠਜੋੜ ਦਾ ਖੁਦ ਐਲਾਨ ਕਰਨਾ ਚਾਹੁੰਦੇ ਸਨ। ਪਰ ਕਰੋਨਾ ਨਿਯਮਾਂ ਦੀ ਉਲੰਘਣਾ ਨਾ ਕਰਨ ਨੂੰ ਧਿਆਨ ਵਿੱਚ ਰੱਖਦਿਆਂ ਉਹ ਇਸ ਸਮਾਗਮ ਵਿੱਚ ਨਹੀਂ ਆਏ।
ਅਕਾਲੀਆਂ ਨੇ ਮਾਇਆਵਤੀ ਨੂੰ ਦਿੱਤੀਆਂ ਇਹ 20 ਸੀਟਾਂ
ਸੁਖਬੀਰ ਬਾਦਲ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ 20 ਸੀਟਾਂ ‘ਤੇ ਚੋਣ ਲੜੇਗੀ। ਬਾਕੀ 97 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਲੜੇਗਾ। ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈਆਂ ਸੀਟਾਂ:
- ਕਰਤਾਰਪੁਰ ਸਾਹਿਬ
- ਜਲੰਧਰ ਵੈਸਟ
- ਜਲੰਧਰ ਨਾਰਥ
- ਫਗਵਾੜਾ
- ਹੁਸ਼ਿਆਰਪੁਰ ਸ਼ਹਿਰੀ
- ਟਾਂਡਾ
- ਦਸੂਹਾ
- ਚਮਕੌਰ ਸਾਹਿਬ
- ਬੱਸੀ ਪਠਾਣਾ
- ਮਹਿਲ ਕਲਾਂ
- ਨਵਾਂਸ਼ਹਿਰ
- ਲੁਧਿਆਣਾ ਨਾਰਥ
- ਸੁਜਾਨਪੁਰ
- ਭੋਆ
- ਪਠਾਨਕੋਟ
- ਅਨੰਦਪੁਰ ਸਾਹਿਬ
- ਮੁਹਾਲੀ
- ਅੰਮ੍ਰਿਤਸਰ ਨਾਰਥ
- ਅੰਮ੍ਰਿਤਸਰ ਸੈਂਟਰਲ
- ਪਾਇਲ