The Khalas Tv Blog Punjab ਪੰਜਾਬ ਸਰਕਾਰ ਅੰਦਰ ਸਭ ਅੱਛਾ ਨਹੀਂ ਹੈ
Punjab

ਪੰਜਾਬ ਸਰਕਾਰ ਅੰਦਰ ਸਭ ਅੱਛਾ ਨਹੀਂ ਹੈ

ਕਮਲਜੀਤ ਸਿੰਘ ਬਨਵੈਤ / ਗੁਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਉੱਤੇ ਅਦਾਲਤਾਂ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਕੇਸਾਂ ਦਾ ਪੈਰਵੀ ਨਾਂ ਕਰਨ ਦੇ ਦੋਸ਼ ਲੱਗਦੇ ਆ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੇਸ ਹੋਵੇ ਜਾਂ ਫਿਰ ਨਸ਼ੇ ਦੇ ਤਸਕਰਾਂ ਸਮੇਤ ਰੇਤ ਮਾਫੀਆ ਨੂੰ ਨੱਥ ਪਾਉਣ ਅਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਬੱਚ ਨਿਕਲਣ ਦਾ ਮਾਮਲਾ ਹੋਵੇ ਪੰਜਾਬ ਸਰਕਾਰ ਕਾਨੂੰਨੀ ਮਾਹਿਰਾਂ ਦੀ ਟੀਮ ਪੱਖੋਂ ਘਿਰਦੀ ਆ ਰਹੀ ਹੈ। ਇਹੋ ਵਜ੍ਹਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਦਸ ਮਹੀਨਿਆਂ ਵਿੱਚ ਪੰਜ ਐਡਵੋਕੇਟ ਬਦਲਣੇ ਪਏ ਹਨ। ਮੋਤੀਆਂ ਵਾਲੀ ਸਰਕਾਰ ਦੇ ਵੇਲੇ ਰਹੇ ਏਜੀ ਪੰਜਾਬ ਅਤੁੱਲ ਨੰਦਾ ਨੂੰ ਸਭ ਤੋਂ ਵੱਧ ਅਲੋਚਨਾ ਸੁਣਨੀ ਪਈ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਏਜੀ ਪੰਜਾਬ ਅਨਮੋਲ ਰਤਨ ਸਿੰਘ ਸਿੱਧੂ ਦੇ ਅਸਤੀਫ਼ੇ ਦੇ ਚਰਚੇ ਹਫਤਾ ਪਹਿਲਾਂ ਚਿੱਥੀ ਜਾਣ ਲੱਗੀ ਸੀ। ਉਨਾਂ ਨੇ 19 ਜੁਲਾਈ ਨੂੰ ਆਪਣਾ ਅਸਤੀਫ਼ਾ ਦੇ ਵੀ ਦਿੱਤਾ ਸੀ ਪਰ  ਰਾਜਪਾਲ ਤੋਂ ਪਰਵਾਨਗੀ ਦੀ ਮੋਹਰ ਲੱਗ ਜਾਣ ਤੱਕ ਫਾਈਲ ਗੁੰਮ ਪਈ ਰਹੀ। ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਅਹੁਦਾ ਸੰਭਾਲਣ ਤੋਂ ਨੌ ਦਿਨ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟਦੇ ਸੀਨੀਅਰ ਵਕੀਲ ਅਨਮੋਲ ਰਤਨ ਸਿੰਘ ਸਿੱਧੂ ਨੂੰ ਏਜੀ ਪੰਜਾਬ ਲਗਾ ਦਿੱਤਾ ਸੀ।

ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ

ਸਿੱਧੂ ਨੇ ਇੱਕ ਰੁਪਿਆ ਮਹੀਨਾ ਤਨਖਾਹ ‘ਤੇ ਕੰਮ ਕਰਨ ਦਾ ਐਲਾਨ ਕਰਕੇ ਆਪਣੀ ਸ਼ੁਰੂ ‘ਚ ਹੀ ਭੱਲ ਬਣਾ ਲਈ ਸੀ। ਸੂਤਰ ਦੱਸਦੇ ਹਨ ਕਿ ਦੋ ਮਹੀਨਿਆਂ ਬਾਅਦ ਹੀ ਪੰਜਾਬ ਸਰਕਾਰ ਅਤੇ ਏਜੀ ਪੰਜਾਬ ਵਿੱਚ ਤਿੜਫਿੜ ਸ਼ੁਰੂ ਹੋ ਗਈ ਸੀ। ਉਂਝ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਵੀ ਅਨਮੋਲ ਰਤਨ ਸਿੰਘ ਸਿੱਧੂ ਨੂੰ ਏਜੀ ਪੰਜਾਬ ਲਾਏ ਜਾਣਾ ਲਗਪਗ ਤੈਅ ਸੀ ਪਰ ਸੀਨੀਅਰ ਵਕੀਲ ਏਪੀਐਸ ਦਿਓਲ ਦਾਅ ਲਾ ਗਏ। ਉਨ੍ਹਾਂ ਨਿਯੁਕਤੀ 27 ਸਤੰਬਰ 2021 ਨੂੰ ਹੋਈ ਸੀ।

ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਬਾਅ ਕਾਰਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਏਪੀਐਸ ਦਿਓਲ ਤੋਂ ਅਸਤੀਫ਼ਾ ਲੈਣਾ ਪੈ ਗਿਆ ਸੀ। ਨਵਜੋਤ ਸਿੰਘ ਸਿੱਧੂ ਦੀ ਪਸੰਦ ਡੀਐਸ ਪਤਵਾਲੀਆ ਨੂੰ ਪੰਜਾਬ ਦਾ ਨਵਾਂ ਏਜੀ ਲਾ ਦਿੱਤਾ ਗਿਆ ਸੀ। ਉਨ੍ਹਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਗਿਆ ਤਾਂ ਅਤੁੱਲ ਨੰਦਾ ਏਜੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋ ਗਏ।

ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ

ਅਨਮੋਲ ਰਤਨ ਸਿੰਘ ਸਿੱਧੂ ਨੇ ਆਪਣੇ ਅਸਤੀਫ਼ੇ ਦੀ ਵਜ੍ਹਾ ਨਿੱਜੀ ਕਾਰਨ ਦੱਸੇ ਹਨ ਪਰ ਕਈ ਮੁੱਦਿਆ ਨੂੰ ਲੈ ਕੇ ਏਜੀ ਦਫਤਰ ਅਤੇ ਮੁੱਖ ਮੰਤਰੀ ਦਫਤਰ ਦਰਮਿਆਨ ਅਸਹਿਮਤੀ ਦਾ ਧੂੰਆਂ ਕਈ ਚਿਰ ਪਹਿਲਾਂ ਉਠਣ ਲੱਗ ਪਿਆ ਸੀ। ਅਨਮੋਲ ਰਤਨ ਸਿੱਧੂ ਪਿਛਲੀ ਦਿਨੀਂ ਸ਼ਤਾਬਦੀ ਐਕਸਪ੍ਰੈਸ ਦੇ ਸਫਰ ਦੌਰਾਨ ਉਦੋਂ ਹਮਲਾ ਹੋ ਗਿਆ ਸੀ ਜਦੋਂ ਉਹ ਦਿੱਲੀ ਵਿੱਚ ਗੈਂਗਸਟਰ ਲਾਰੇਂਸ ਬਿਸ਼ਨੋਈ ਖ਼ਿਲਾਫ਼ ਅਦਾਲਤੀ ਤਰੀਕ ਭੁਗਤ ਕੇ ਆਏ ਸਨ। ਉਂਝ ਏਜੀ ਪੰਜਾਬ ਵੱਲੋਂ ਗੈਂਗਸਟਰਾਂ ਖ਼ਿਲਾਫ਼ ਡੱਟ ਕੇ ਲੜਾਈ ਲੜੀ ਗਈ ਹੈ ਅਤੇ ਉਹ ਜੱਗੂ ਭਗਵਾਨਪੁਰੀਆ ਸਮੇਤ ਲਾਰੇਂਸ ਬਿਸ਼ਨੋਈ ਨੂੰ ਪੰਜਾਬ ਲਿਆਉਣ ਵਿੱਚ ਸਫਲ ਰਹੇ ਹਨ ।  ਲੰਘੇ ਕੱਲ੍ਹ ਕਾਂਗਰਸ ਦੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆ ਭ੍ਰਿਸ਼ਟਾਚਾਰ ਕੇਸ ਵਿੱਚ ਅਦਾਲਤ ਤੋਂ ਦੋ ਹਫਤਿਆਂ ਦਾ ਸਮਾਂ ਮੰਗਣ ਕਰਕੇ ਪੰਜਾਬ ਸਰਕਾਰ ਦੀ ਕਾਨੂੰਨੀ ਮਸ਼ਾਇਰਾਂ ਦੀ ਢਿੱਲ ਮਿੱਠ ‘ਤੇ ਸਵਾਲ ਜਰੂਰ ਉੱਠੇ ਹਨ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

 ਏਜੀ ਸਿੱਧੂ ਨੂੰ ਚਾਹੇ ਆਮ ਆਦਮੀ ਪਾਰਟੀ ਵੱਲੋਂ ਕਾਨੂੰਨੀ ਮਾਹਿਰਾਂ ਦੀ ਟੀਮ ਦਾ ਮੁਖੀ ਲਾਇਆ ਗਿਆ ਹੈ ਪਰ ਉਨ੍ਹਾਂ ਦਾ ਪਿਛੋਕੜ ਕਾਂਗਰਸੀ ਹੈ। ਕਾਨੂੰਨੀ ਖੇਤਰ ਦੇ ਹਸਤਾਖਰ ਸਿੱਧੂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਾਰ ਐਸੋਸ਼ੀਏਸ਼ਨ ਦੇ ਅੱਠ ਵਾਰ ਪ੍ਰਧਾਨ ਰਹੇ ਹਨ। ਉਨ੍ਹਾਂ ਨੂੰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੇਅਰਮੈਨ ਦੇ ਅਹੁਦੇ ‘ਤੇ ਜਿੰਮੇਵਾਰੀ ਨਿਭਾਉਣ ਦਾ ਮਾਣ ਵੀ ਮਿਲਿਆ ਹੈ। ਉਹ ਪੰਜਾਬ ਅਤੇ ਹਰਿਆਣਾ ਸਰਕਾਰ ਦੀ ਤਰਫੋਂ ਵਧੀਕ ਸਲੈਸਟਰ ਜਨਰਲ ਵਜੋਂ ਵੀ ਕੰਨ ਕਰ ਚੁੱਕੇ ਹਨ।

ਪੰਜਾਬ ਸਰਕਾਰ ਵੱਲੋਂ ਅਨਮੋਲ ਰਤਨ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਮੀਡੀਆ ਨੂੰ ਸੂਹ ਪੈਦਿਆਂ ਹੀ ਨਵੇਂ ਐਡਵੋਕੇਟ ਜਨਰਲ ਵਜੋਂ ਹਾਈ ਕੋਰਟ ਦੇ ਸੀਨੀਅਰ ਵਕੀਲ ਵਿਨੋਦ ਘਈ ਦੀ ਨਿਯੁਕਤੀ ਦਾ ਐਲਾਨ ਸਪਸ਼ਟ ਬੋਲ ਰਿਹਾ ਹੈ ਕਿ ਪੰਜਾਬ ਸਰਕਾਰ ਅੰਦਰ ਸਭ ਅੱਛਾ ਨਹੀਂ ਹੈ।  ਉਂਝ ਅਨਮੋਲ ਰਤਨ ਸਿੱਧੂ ਨੇ ਅਸਤੀਫ਼ਾ ਦੇਣ ਤੋਂ ਬਾਅਦ ਕਿਹਾ ਹੈ ਕਿ ਉਹ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਪੂਰਾ ਸਤਿਕਾਰ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਲੋੜ ਪੈਣ ‘ਤੇ ਆਪਣੀਆਂ ਕਾਨੂੰਨੀ ਸੇਵਾਵਾਂ ਪੰਜਾਬ ਸਰਕਾਰ ਨੂੰ ਦਿੰਦੇ ਰਹਿਣਗੇ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀ ਵਜ੍ਹਾ ਮੁੜ ਤੋਂ ਨਿੱਜੀ ਕਾਰਨ ਦੁਹਰਾਇਆ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਕੈਬਨਿਟ ਰੈਂਕ ਸਮੇਤ ਮੰਤਰੀਆਂ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

Exit mobile version