The Khalas Tv Blog Punjab ਵੋਟਾਂ ਲਈ ਗਿਣਤੀ ਦੇ ਸਾਰੇ ਬੰਦੋਬਸਤ ਮੁਕੰਮਲ
Punjab

ਵੋਟਾਂ ਲਈ ਗਿਣਤੀ ਦੇ ਸਾਰੇ ਬੰਦੋਬਸਤ ਮੁਕੰਮਲ

ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ : ਪੰਜਾਬ ਰਾਜ  ਵਿਧਾਨ ਸਭਾ ਦੀਆਂ ਚੋਣਾਂ ਵਿੱਚ  ਵੋਟਾਂ ਦੀ ਗਿਣਤੀ ਲਈ ਚੋਣ ਕਮਿਸ਼ਨ ਵੱਲੋਂ ਸਾਰੇ ਬੰਦੋਬਸਤ ਮੁਕੰਮਲ ਕਰ ਲਏ ਗਏ ਹਨ। ਵੋਟਾਂ ਦਾ ਗਿਣਤੀ 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ।  ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਲਈ ਰਾਜ ਭਰ ਵਿੱਚ 66 ਥਾਵਾਂ ’ਤੇ 117 ਗਿਣਤੀ ਕੇਂਦਰ ਬਣਾਏ ਗਏ ਹਨ। ਵੋਟਾਂ ਦੇ ਦਿਨ ਦਫਾ 144 ਲਾਗੂ ਰਹੇਗੀ।  ਵਿਧਾਨ ਸਭਾ ਚੋਣਾਂ ਲਈ ਵੋਟਾਂ 20 ਫਰਵਰੀ ਨੂੰ ਪਈਆਂ ਸਨ। ਇਸ ਵਾਰ ਜੇਤੂ ਜਲੂਸ ਕੱਢਣ ਉੱਤੇ ਪੂਰਨ ਪਾਬੰਦੀ ਰਹੇਗੀ।  ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕਰੁਣਾ ਐਸ ਰਾਜੂ ਨੇ ਦਾ ਖ਼ਾਲਸ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵੋਟਾਂ ਦੀ ਗਿਣਤੀ ਵੇਲੇ ਪੂਰੀ ਪਾਰਦਾਰਸ਼ ਦਾ ਬਣਾਈ ਰੱਖਣ ਦਾ ਦਾਅਵਾ ਕੀਤਾ ਹੈ।   

ਉਨ੍ਹਾਂ ਨੇ ਦੱਸਿਆ ਕਿ  117 ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ ਤਿੰਨ ਪਰਤੀ ਸੁਰੱਖਿਆ ਘੇਰਾ ਬਣਾਇਆ ਗਿਆ ਹੈ। ਜਿਸ ਲਈ 45 ਅਰਧ ਸੁਰੱਖਿਆ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ 7500 ਦੇ ਕਰੀਬ ਮੁਲਾਜ਼ਮ ਗਿਣਤੀ  ਮੌਕੇ ਮੌਜੂਦ ਰਹਿਣਗੇ  । ਇਸ  ਤੋਂ ਬਿਨ੍ਹਾ ਗਿਣਤਾ ਲਈ 14 ਹਜ਼ਾਰ ਹੋਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾ ਦੀ ਚਾਰ ਵਾਰ ਰਹਿਰਸਲ ਕਰਵਾਈ ਗਈ ਹੈ।  

ਲੋਕਾਂ ਤੱਕ ਸਹੀ ਸੂਚਨਾ ਪੁੱਜਦੀ ਕਰਨ ਲਈ ਹਰੇਕ ਗਿਣਤੀ ਕੇਂਦਰ `ਤੇ ਮੀਡੀਆ ਸੈਂਟਰ ਸਥਾਪਤ ਕੀਤੇ ਗਏ ਹਨ ਜਿੱਥੇ ਪੱਤਰਕਾਰਾਂ ਨੂੰ ਗਿਣਤੀ ਦੇ ਰਾਊਂਡ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਗਿਣਤੀ ਕੇਂਦਰਾਂ  ਦੇ ਬਾਹਰ ਐਲਈਡੀ ਸਕਰੀਨਾਂ ਦਾ ਵੀ ਬੰਦੋਬਸਤ ਕੀਤਾ ਗਿਆ ਹੈ। ਗਿਣਤੀ ਕੇਂਦਰਾਂ ਵਿੱਚ ਦੇ ਦਾਖ਼ਲੇ  ਲਈ 3562 ਪੱਤਰਕਾਰਾਂ ਨੂੰ ਸ਼ਨਾਖ਼ਤੀ ਪੱਤਰ ਜਾਰੀ ਕੀਤੇ ਗਏ ਹਨ ਜੋ ਕਿ ਰਿਟਰਨਿੰਗ ਅਫ਼ਸਰ ਨਾਲ ਤਾਲਮੇਲ ਕਰਨ ਉਪਰੰਤ ਗਿਣਤੀ ਕੇਂਦਰ ਵਿੱਚ ਮਿੱਥੀ ਹੋਈ ਹੱਦ ਤੱਕ ਜਾ ਸਕਣਗੇ। ਇਹ ਪਤਾ ਲੱਗਾ ਹੈ ਕਿ ਗਿਣਤੀ ਕੇਂਦਰਾਂ ਵਿੱਚ ਸਿਰਫ਼ ਸਰਕਾਰੀ ਰਿਕਾਰਡ ਹਿੱਤ ਹੀ ਵੀਡੀਓ ਅਤੇ ਸਟਿੱਲ ਕੈਮਰਾ ਲਿਜਾਣ ਦੀ ਆਗਿਆ ਹੋਵੇਗੀ।  ਭਾਰਤ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਪੱਤਰਕਾਰ ਰਿਟਰਨਿੰਗ ਅਫ਼ਸਰ ਦੁਆਰਾ ਨਿਰਧਾਰਤ ਸਥਾਨ ਤੋਂ ਹੀ ਫੋਟੋ ਖਿੱਚ ਸਕਣਗੇ ਅਤੇ ਵੀਡੀਓ ਬਣਾ ਸਕਣਗੇ।

ਡਾ ਰਾਜੂ ਨੇ ਦੱਸਿਆ ਕਿ  ਕਾਊਂਟਿੰਗ ਸਥਾਨ ਦੇ 100 ਮੀਟਰ ਦੇ ਦਾਇਰੇ ਨੂੰ `ਪੈਡਸਟੇਰੀਅਨ ਜ਼ੋਨ` ਐਲਾਨਿਆ ਗਿਆ ਹੈ ਜਿਸ ਦੇ ਚੱਲਦੇ ਇਸ ਖੇਤਰ ਤੋਂ ਅੱਗੇ ਕਿਸੇ ਵੀ ਵਿਅਕਤੀ ਨੂੰ ਗੱਡੀ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ।ਇਸ ਦੇ ਨਾਲ ਹੀ ਗਿਣਤੀ ਕੇਂਦਰਾਂ ਦੇ ਬਾਹਰ ਤਿੰਨ ਪਰਤੀ ਕੌਡਨਿੰਗ ਸਿਸਟਮ ਲਗਾਇਆ ਗਿਆ ਹੈ ਤਾਂ ਜੋ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਗਿਣਤੀ ਕੇਂਦਰ ਵਿੱਚ ਜਾਣ ਤੋਂ ਰੋਕਿਆ ਜਾ ਸਕੇ।ਪਹਿਲਾ ਕੌਡਨਿੰਗ ਪੁਆਇੰਟ 100 ਮੀਟਰ ਦਾਇਰੇ ਦੀ ਸ਼ੁਰੂਆਤ ਵਿੱਚ ਸਥਾਪਿਤ ਕੀਤਾ ਗਿਆ ਹੈ ਜਿੱਥੇ ਸੀਨੀਅਰ ਮੈਜਿਸਟ੍ਰੇਟ ਜ਼ਰੂਰਤ ਅਨੁਸਾਰ ਪੁਲਿਸ ਫੋਰਸ ਸਮੇਤ ਤਾਇਨਾਤ ਰਹਿਣਗੇ । ਦੂਸਰਾ ਕੌਡਨਿੰਗ ਸਿਸਟਮ ਕਾਊਂਟਿੰਗ ਸਥਾਨ ਦੇ ਗੇਟ `ਤੇ ਹੋਵੇਗਾ ਜਿੱਥੇ ਕਿ ਸਟੇਟ ਆਰਮਡ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਜਦਕਿ ਤੀਸਰਾ ਕੌਡਨਿੰਗ ਸਿਸਟਮ ਕਾਊਂਟਿੰਗ ਹਾਲ ਦੇ ਦਰਵਾਜ਼ੇ `ਤੇ ਸਥਾਪਤ ਕੀਤਾ ਗਿਆ ਹੈ ਜਿਸਦੀ ਸੁਰੱਖਿਆ ਕੇਂਦਰੀ ਹਥਿਆਰਬੰਦ ਪੁਲਿਸ ਫੋਰਸਾਂ ਹਵਾਲੇ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਹਰੇਕ ਗਿਣਤੀ ਕੇਂਦਰ `ਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਵਿਡ ਦੇ ਮੱਦੇਨਜ਼ਰ ਵੱਧ ਤੋਂ ਵੱਧ 14 ਕਾਉਂਟਿੰਗ ਟੇਬਲ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸਰਵਿਸ ਵੋਟਰਾਂ ਨੂੰ ਜਾਰੀ ਈ.ਟੀ.ਪੀ.ਬੀ. ਅਤੇ ਚੋਣ ਡਿਊਟੀ ਵਿੱਚ ਲੱਗੇ ਅਧਿਕਾਰੀਆਂ/ਕਰਮਚਾਰੀਆਂ ਅਤੇ ਈ.ਸੀ.ਆਈ. ਦੀਆਂ ਹਦਾਇਤਾਂ ਅਨੁਸਾਰ ਪ੍ਰਾਪਤ ਬੈਲਟ ਪੇਪਰਾਂ ਦੀ ਗਿਣਤੀ ਲਈ ਵੱਖਰੇ ਤੌਰ `ਤੇ ਟੇਬਲ ਲਗਾਏ ਜਾਣਗੇ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਜੇਤੂ ਉਮੀਦਵਾਰ ਜਾਂ ਉਸਦਾ ਅਧਿਕਾਰਤ ਪ੍ਰਤੀਨਿਧ ਸਿਰਫ਼ ਦੋ ਵਿਅਕਤੀਆਂ ਨੂੰ ਨਾਲ ਲਿਜਾ ਕੇ ਚੋਣ ਸਬੰਧੀ ਸਰਟੀਫਿਕੇਟ ਹਾਸਲ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਵੱਲੋਂ ਜਲੂਸ ਕੱਢਣ `ਤੇ ਵੀ ਮਨਾਹੀ ਹੈ।

ਪੰਜਾਬ ਵਿਧਾਨ ਸਭਾ ਦੇ 117 ਹਲਕਿਆਂ ਲਈ 1304 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। ਇਨ੍ਹਾਂ

ਵਿੱਚ 90 ਮਹਿਲਾਵਾਂ ਸ਼ਾਮਲ ਹਨ । ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਵੋਟ ਪ੍ਰਤੀਸ਼ਤ ਘਟੀ ਹੈ। ਜਿਨ੍ਹਾਂ ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਹੈ ਉਨਾਂ ਵਿੱਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਬੀਬੀ ਰਜਿੰਦਰ ਕੌਰ ਭੱਠਲ ਦੇ ਨਾਂ ਪ੍ਰਮੁੱਖ ਹਨ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕਿਸਮਤ ਦਾ ਫੈਸਲਾ ਵੀ ਭਲਕ ਨੂੰ ਹੋਵੇਗਾ। ਕੁੱਲ 1304 ਉਮੀਦਵਾਰਾੰ ਵਿੱਚੋਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਸਵਾ ਲੱਖ ਅਜਿਹੇ ਨੇਤਾ ਹਨ ਜਿਨ੍ਹਾਂ ਨੂੰ ਨਤੀਜਾ ਜੇਲ੍ਹ ਦੀ ਬੈਰਕ ਵਿੱਚ ਬੈਠ ਕੇ ਦੇਖਣਾ ਪਵੇਗਾ। ਕਾਂਗਰਸ ਪਾਰਟੀ ਦੇ ਇੱਕ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਚੋਣਾਂ ਦੇ ਐਲਾਨ ਵੇਲੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਸਨ ਪਰ ਨਾਮਜ਼ਦਗੀਆਂ ਦਾਖ਼ਲ ਕਰਨ ਤੋਂ ਪਹਿਲਾਂ ਹੀ ਬਾਹਰ ਆ ਗਏ ਸਨ।   

ਸਪੰਰਕ- 98147-34035

Exit mobile version