The Khalas Tv Blog India ਪੰਜਾਬ ਦੇ ਰੇਲਵੇ ਸਟੇਸ਼ਨਾਂ ਸਣੇ ਕਈ ਧਾਰਮਿਕ ਸਥਾਨ ਬੰਬ ਨਾਲ ਉਡਾਉਣ ਦੀ ਧਮਕੀ! ਅਲਰਟ ਜਾਰੀ
India Punjab

ਪੰਜਾਬ ਦੇ ਰੇਲਵੇ ਸਟੇਸ਼ਨਾਂ ਸਣੇ ਕਈ ਧਾਰਮਿਕ ਸਥਾਨ ਬੰਬ ਨਾਲ ਉਡਾਉਣ ਦੀ ਧਮਕੀ! ਅਲਰਟ ਜਾਰੀ

ਮੁਹਾਲੀ ਸਮੇਤ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ ਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਤੇ ਚੰਡੀਗੜ੍ਹ ਸਮੇਤ ਹੋਰ ਸਟੇਸ਼ਨਾਂ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਅੱਤਵਾਦੀ ਹਮਲੇ ਦੀ ਧਮਕੀ ਵਾਲੇ ਪੱਤਰ ਵਿੱਚ ਜੰਮੂ-ਕਸ਼ਮੀਰ, ਪੰਜਾਬ ਅਤੇ ਹਿਮਾਚਲ ਵਿੱਚ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਗੱਲ ਕਹੀ ਗਈ ਹੈ। ਯਾਦ ਰਹੇ ਅਜੇ ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਪੱਤਰ ਮਿਲਿਆ ਸੀ।

ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦੇ ਕਮਾਂਡਰ ਕੁਲਾ ਨੂਰ ਅਹਿਮਦ ਨੇ ਚਿੱਠੀ ਵਿੱਚ ਲਿਖਿਆ ਹੈ, “ਹੇ ਭਗਵਾਨ ਮੈਨੂੰ ਮੁਆਫ਼ ਕਰ ਅਤੇ ਜੰਮੂ-ਕਸ਼ਮੀਰ ’ਚ ਸਾਡੇ ਜੇਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗਾ। ਅਸੀਂ 21 ਜੂਨ ਨੂੰ ਜੰਮੂ ਦੇ ਕਠੂਆ, ਪਠਾਨਕੋਟ, ਬਿਆਸ ਅਤੇ ਬਠਿੰਡਾ ਰੇਲਵੇ ਸਟੇਸ਼ਨਾਂ ’ਤੇ ਬੰਬ ਸੁੱਟਾਂਗੇ। 23 ਜੂਨ ਨੂੰ ਕਟੜਾ ਵੈਸ਼ਨੋ ਦੇਵੀ, ਸ਼ਿਵ ਮੰਦਰ, ਅਮਰਨਾਥ ਮੰਦਰ, ਸ੍ਰੀਨਗਰ ਦੇ ਲਾਲ ਚੌਕ, ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੇ ਹਿਮਾਚਲ ਦੇ ਕਈ ਮੰਦਰਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ। ਖ਼ੁਦਾ ਹਾਫਿਜ਼।”

ਇਸ ਸਬੰਧੀ ਸੂਚਨਾ ਮਿਲਣ ਬਾਅਦ ਮੁਹਾਲੀ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਵਿੱਚ ਬੰਬ ਸਕੁਐਡ ਤੇ ਡੌਗ ਸਕੁਐਡ ਦੀਆਂ ਟੀਮਾਂ ਨੇ ਮੌਕੇ ’ਤੇ ਤਲਾਸ਼ੀ ਲਈ। ਇਸ ਦੇ ਨਾਲ-ਨਾਲ ਸਟੇਸ਼ਨ ’ਤੇ ਆਉਣ ਵਾਲੀ ਹਰ ਰੇਲਗੱਡੀ ਵਿੱਚ ਯਾਤਰੀਆਂ ਤੇ ਸਮਾਨ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ।

ਚੰਡੀਗੜ੍ਹ ਪੁਲਿਸ ਤੇ ਰੇਲਵੇ ਪੁਲਿਸ ਨੇ ਮਿਲ ਕੇ ਸਰਚ ਅਭਿਆਨ ਸ਼ੁਰੂ ਕੀਤਾ, ਜਿਸ ਵਿੱਚ ਡੌਗ ਸਕੁਐਡ ਦੀ ਮਦਦ ਨਾਲ ਰੇਲਵੇ ਸਟੇਸ਼ਨ ਦੇ ਨਾਲ-ਨਾਲ ਆਸਪਾਸ ਦੇ ਇਲਾਕਿਆਂ ਦੀ ਤਲਾਸ਼ੀ ਲਈ ਗਈ। ਪੁਲਿਸ ਤੇ ਜਾਂਚ ਏਜੰਸੀਆਂ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਾਲ-ਨਾਲ ਅੰਬਾਲਾ ਤੇ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ ’ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

Exit mobile version