The Khalas Tv Blog India ਪੰਜਾਬੀ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਦੀ ਮਦਦ ਲਈ ਅਕਸ਼ੇ ਕੁਮਾਰ ਅੱਗੇ ਆਏ! ਬਿਨਾਂ ਦੱਸੇ 25 ਲੱਖ ਐਕਾਉਂਟ ‘ਚ ਪਾਏ!
India Punjab

ਪੰਜਾਬੀ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਦੀ ਮਦਦ ਲਈ ਅਕਸ਼ੇ ਕੁਮਾਰ ਅੱਗੇ ਆਏ! ਬਿਨਾਂ ਦੱਸੇ 25 ਲੱਖ ਐਕਾਉਂਟ ‘ਚ ਪਾਏ!

ਬਿਉਰੋ ਰਿਪੋਰਟ – ਪੰਜਾਬੀ ਲੋਕ ਗਾਇਕਾ ਅਤੇ ਸਭ ਤੋਂ ਲੰਮੀ ਹੇਕ ਲਈ ਮਸ਼ਹੂਰ ਪਦਮ ਭੂਸ਼ਣ ਅਵਾਰਡੀ ਗੁਰਮੀਤ ਬਾਵਾ ਦੇ ਪਰਿਵਾਰ ਦੀ ਆਰਥਿਕ ਮਦਦ ਦੇ ਲਈ ਅਦਾਕਾਰ ਅਕਸ਼ੇ ਕੁਮਾਰ ਅੱਗੇ ਆਏ ਹਨ। ਉਨ੍ਹਾਂ ਨੇ ਚੁੱਪ-ਚਪੀਤੇ ਗੁਰਮੀਤ ਬਾਵਾ ਦੀ ਧੀ ਗਲੋਰੀ ਦੇ ਐਕਾਉਂਟ ਵਿੱਚ 25 ਲੱਖ ਟ੍ਰਾਂਸਫਰ ਕਰ ਦਿੱਤੇ ਹਨ। ਗਲੋਰੀ ਬਾਵਾ ਦੇ ਪਰਿਵਾਰ ਦੀ ਆਰਥਿਕ ਹਾਲਤ ਬਾਰੇ ਵੀਡੀਓ ਵਾਇਰਲ ਹੋਣ ਦੇ ਬਾਅਦ ਅਕਸ਼ੇ ਕੁਮਾਰ ਨੇ ਮਦਦ ਉਨ੍ਹਾਂ ਤੱਕ ਪਹੁੰਚਾਈ ਹੈ। ਇਹ ਪਹਿਲਾਂ ਮੌਕਾ ਨਹੀਂ ਹੈ ਅਕਸਰ ਅਜਿਹੇ ਕੰਮਾਂ ਦੇ ਲਈ ਜਾਣੇ ਜਾਂਦੇ ਹਨ।

ਮਾਂ ਗੁਰਮੀਤ ਬਾਵਾ ਅਤੇ ਭੈਣ ਲਾਚੀ ਬਾਵਾ ਦੀ ਮੌਤ ਤੋਂ ਬਾਅਦ ਧੀ ਗਲੋਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਸੀ। ਗਲੋਰੀ ਆਪਣਾ ਪਰਿਵਾਰ ਸੰਭਾਲਣ ਦੇ ਨਾਲ-ਨਾਲ ਆਪਣੀ ਭੈਣ ਲਾਚੀ ਬਾਵਾ ਦੇ ਬੱਚਿਆ ਦੀ ਸੰਭਾਲ ਕਰ ਰਹੀ ਸੀ। ਭੈਣ ਦਾ ਸਾਥ ਛੁੱਟ ਜਾਣ ਦੇ ਬਾਅਦ ਹੁਣ ਸ਼ੋਅ ਵੀ ਨਹੀਂ ਮਿਲ ਰਹੇ ਸਨ, ਜਿਸ ਨਾਲ ਪਰਿਵਾਰ ਦੀ ਆਰਥਿਕ ਹਾਲਤ ਕਾਫੀ ਖਰਾਬ ਹੋ ਗਈ ਹੈ। ਜਿਸ ਤੋਂ ਬਾਅਦ ਗਲੋਰੀ ਬਾਵਾ ਨੇ ਭਾਰਤ ਛੱਡ ਕੇ ਵਿਦੇਸ਼ ਜਾਣ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਡੀਸੀ ਅੰਮ੍ਰਿਤਸਰ ਅਤੇ ਕੁਲਦੀਪ ਸਿੰਘ ਧਾਲੀਵਾਰ ਨੇ 1-1 ਲੱਖ ਰੁਪਏ ਦੇ ਚੈੱਕ ਗਲੋਰੀ ਬਾਵਾ ਨੂੰ ਦਿੱਤੇ। ਇਸ ਦੇ ਬਾਅਦ ਹੁਣ ਅਕਸ਼ੇ ਕੁਮਾਰ ਨੇ 25 ਲੱਖ ਨਾਲ ਉਨ੍ਹਾਂ ਦੀ ਮਦਦ ਕੀਤੀ ਹੈ।

ਬੈਂਕ ਤੋਂ ਫੋਨ ਆਇਆ ਤਾਂ ਪਤਾ ਚੱਲਿਆ

ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਿਕ ਗਲੋਰੀ ਬਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਦੇ ਮੈਨੇਜਰ ਦਾ ਫੋਨ ਆਇਆ ਜਿਸ ਦੇ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ। ਬੈਂਕ ਮੈਨੇਜਰ ਨੇ ਦੱਸਿਆ ਕਿ ਕਿਸੇ ਅਕਸ਼ੇ ਕੁਮਾਰ ਭਾਟਿਆ ਨੇ ਉਨ੍ਹਾਂ ਦੇ ਬੈਂਕ ਐਕਾਉਂਟ ਵਿੱਚ 25 ਲੱਖ ਟ੍ਰਾਂਸਫਰ ਕੀਤੇ ਹਨ। ਉਹ ਹੈਰਾਨ ਹੋ ਗਈ, ਉਹ ਅੱਜ ਤੱਕ ਅਕਸ਼ੇ ਕੁਮਾਰ ਨੂੰ ਨਹੀਂ ਮਿਲੀ ਨਾ ਹੀ ਉਨ੍ਹਾਂ ਦੇ ਨਾਲ ਗੱਲ ਹੋਈ ਸੀ।

ਗੁਰਮੀਤ ਬਾਵਾ ਦਾ ਜਨਮ 1944 ਵਿੱਚ ਪਿੰਡ ਕੋਠੇ ਗੁਰਦਾਸਪੁਰ ਵਿੱਚ ਹੋਇਆ ਸੀ। ਉਸ ਸਮੇਂ ਪੰਜਾਬ ਵਿੱਚ ਕੁੜੀਆਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ ਸੀ। ਪਰ ਉਨ੍ਹਾਂ ਨੇ ਵਿਆਹ ਤੋਂ ਬਾਅਦ ਪੜ੍ਹਾਈ ਪੂਰੀ ਕੀਤੀ। ਗੁਰਮੀਤ ਦਾ ਵਿਆਹ ਕਿਰਪਾਲ ਬਾਵਾ ਦੇ ਨਾਲ ਹੋਇਆ ਸੀ, ਜਿੰਨਾਂ ਨੇ ਗੁਰਮੀਤ ਨੂੰ JBT ਕਰਵਾਈ ਉਹ ਆਪਣੇ ਇਲਾਕੇ ਵਿੱਚ ਪਹਿਲੀ ਮਹਿਲਾ ਸੀ ਜੋ ਅਧਿਆਪਕ ਬਣੀ। ਸੁਰੀਲੀ ਅਵਾਜ਼ ਦੀ ਵਜ੍ਹਾ ਕਰਕੇ ਗੁਰਮੀਤ ਬਾਵਾ ਦੇ ਪਤੀ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਮੁੰਬਈ ਤੱਕ ਪਹੁੰਚ ਗਏ। ਪੁਰਾਣੀਆਂ ਫਿਲਮਾਂ ਵਿੱਚ ਬਾਲੀਵੁੱਡ ਅਤੇ ਪੰਜਾਬੀ ਸਨਅਤ ਨੂੰ ਜਿੰਨਾਂ ਗਾਣਿਆਂ ਵਿੱਚ ਬੋਲਿਆ ਪਾਉਣੀਆਂ ਹੁੰਦੀਆਂ ਸਨ, ਉਸ ਵਿੱਚ ਅਵਾਜ਼ ਗੁਰਮੀਤ ਬਾਵਾ ਦੀ ਹੁੰਦੀ ਸੀ।

ਗੁਰਮੀਤ ਬਾਵਾ ਦੇ ਨਾਂ ‘ਤੇ 45 ਸੈਕੰਡ ਤੱਕ ਹੇਕ ਲਗਾਉਣ ਦਾ ਰਿਕਾਰਡ ਸੀ। ਇੰਨੀ ਲੰਮੀ ਹੇਕ ਲਗਾਉਣਾ ਕਿਸੇ ਦੇ ਵਸ ਦੀ ਗੱਲ ਨਹੀਂ ਸੀ। ਚਾਰ ਸਾਲ ਪਹਿਲਾਂ ਉਨ੍ਹਾਂ ਦੀ ਧੀ ਲਾਚੀ ਬਾਵਾ ਦਾ ਦੇਹਾਂਤ ਹੋ ਗਿਆ, ਜਿਸ ਦੇ ਬਾਅਦ ਉਹ ਵੀ ਬਿਮਾਰ ਰਹਿਣ ਲੱਗੀ ਅਤੇ ਤਿੰਨ ਸਾਲ ਪਹਿਲਾਂ ਗੁਰਮੀਤ ਬਾਵਾ ਵੀ ਦੁਨੀਆ ਤੋਂ ਚੱਲੀ ਗਈ।

ਇਹ ਵੀ ਪੜ੍ਹੋ –  ਸੁਨੀਤਾ ਕੇਜਰੀਵਾਲ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦਾ ਦੱਸਿਆ ਕਾਰਨ, NDA ਦੇ ਸੰਸਦ ਮੈਂਬਰ ਬਾਰੇ ਕੀਤਾ ਵੱਡਾ ਖੁਲਾਸਾ

 

Exit mobile version