ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ SYL ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ SYL ਦਾ ਕੇਸ ਇਹ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਜਾਣਬੁੱਝ ਕੇ ਹਾਰੇ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਏਨੇ ਖੁਸ਼ ਹਨ ਕਿ ਮੇਰੀ ਨੌਕਰੀ ਪੱਕੀ ਹੋ ਗਈ ਹੈ, ਮੇਰਾ ਬੌਸ ਖੁਸ਼ ਹੋ ਗਿਆ ਹੈ। ਜਿੱਥੇ ਸੁਪਰੀਮ ਕੋਰਟ ਵਿੱਚ ਬਹਿਸ ਕਰਨ ਦੀ ਲੋੜ ਸੀ, ਉੱਥੇ ਇਨ੍ਹਾਂ ਨੇ ਐਡਵੋਕੇਟ ਜਨਰਲ ਹੀ ਘਰ ਬਿਠਾ ਦਿੱਤਾ ਕਿ ਕਿਤੇ ਅਦਾਲਤ ਵਿੱਚ ਕੇਸ ਤਗੜਾ ਨਾ ਹੋ ਜਾਵੇ। ਮੁੱਖ ਮੰਤਰੀ ਦਾ ਮਕਸਦ ਤਾਂ ਪੂਰਾ ਹੋ ਗਿਆ ਹੈ।
ਚੀਮਾ ਨੇ ਦਾਅਵਾ ਕੀਤਾ ਕਿ ਇਨ੍ਹਾਂ ਦਾ ਕਾਂਗਰਸ ਨਾਲ ਹਾਲੇ ਹੀ ਤਾਜ਼ਾ ਤਾਜ਼ਾ ਰਿਸ਼ਤਾ ਬਣਿਆ ਹੈ। ਮਾਲਵਿੰਦਰ ਕੰਗ ਵੱਲੋਂ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਇਨ੍ਹਾਂ ਨੇ ਕਿਤੇ ਵੀ ਇਸ ਮਸਲੇ ਲਈ ਕਾਂਗਰਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ, ਸਿਰਫ਼ ਬਾਦਲ ਪਰਿਵਾਰ ਨੂੰ ਹੀ ਟਾਰਗਟ ਕੀਤਾ। ਕਾਂਗਰਸ ਦੇ ਕੀਤੇ ਕੰਮਾਂ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਚੀਮਾ ਨੇ ਕਿਹਾ ਕਿ ਬਾਦਲ ਨੇ ਆਪਣੀ ਸਾਰੀ ਉਮਰ ਪਾਣੀਆਂ ਦੀ ਰਾਖੀ ਲਈ ਲੜਾਈ ਲੜੀ ਹੈ। ਪ੍ਰਕਾਸ਼ ਬਾਦਲ ਨੇ ਹਮੇਸ਼ਾ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਨਾ ਦੇਣ ਦੀ ਹਮਾਇਤ ਕੀਤੀ। ਮੈਂ ਮਾਨ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕੇਜਰੀਵਾਲ ਦੇ ਆਖੇ ਲੱਗ ਕੇ ਪੰਜਾਬ ਦੇ ਵਿਰੋਧੀ ਨਾ ਬਣੋ।
ਚੀਮਾ ਨੇ ਕਿਹਾ ਕਿ ਹੁਣ ਇਨ੍ਹਾਂ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਹੈ ਪਰ ਰਾਜਪਾਲ ਦੀ ਮਨਜ਼ੂਰੀ ਹੀ ਨਹੀਂ ਲਈ।