‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ੍ਹ ਪੰਜਾਬ ਭਰ ਵਿੱਚ ਬਿਜਲੀ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੋਲੀ ਸਰਕਾਰ ਨੂੰ ਅਵਾਜ਼ ਸੁਣਾਉਣ ਲਈ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰਾ-ਸਾਰਾ ਦਿਨ ਦੇ ਕੱਟ ਲੱਗ ਰਹੇ ਹਨ ਅਤੇ ਲੋਕ ਰਾਤਾਂ ਨੂੰ ਸੜਕਾਂ ‘ਤੇ ਧਰਨੇ ਦੇਣ ਵਾਸਤੇ ਮਜ਼ਬੂਰ ਹਨ। ਹਸਪਤਾਲਾਂ ਵਿੱਚ ਬਿਜਲੀ ਕਰਕੇ ਮਰੀਜ਼ ਤੜਫ ਰਹੇ ਹਨ। ਪਰ ਮੁੱਖ ਮੰਤਰੀ ਆਪਣੇ ਵਿਧਾਇਕਾਂ ਦੇ ਨਾਲ ਸ਼ਾਹੀ ਲੰਚ ਕਰ ਰਿਹਾ ਹੈ ਅਤੇ ਬਾਕੀ ਲੀਡਰਸ਼ਿਪ ਦਿੱਲੀ ਵਿੱਚ ਮੀਟਿੰਗਾਂ ਕਰਕੇ ਦੂਜੀਆਂ ਪਾਰਟੀਆਂ ਦੇ ਖਿਲਾਫ ਸਾਜਿਸ਼ਾਂ ਘੜਣ ਵਿੱਚ ਵਿਅਸਥ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ੍ਹ ਸਵੇਰੇ 11 ਵਜੇ ਤੋਂ ਹਰ ਹਲਕੇ ਵਿੱਚ ਬਿਜਲੀ ਬੋਰਡ ਦੇ ਦਫਤਰ ਸਾਹਮਣੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਕੁੱਝ ਥਾਂਵਾਂ ‘ਤੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਬਿਜਲੀ ਕੱਟ ਨੂੰ ਲੈ ਕੇ ਇੱਕ ਟਵੀਟ ਕਰਕੇ ਕਿਹਾ ਕਿ ਬਿਜਲੀ ਦੇ ਲੰਮੇ ਕੱਟ ਲਗਾ ਕੇ ਕੈਪਟਨ ਸਰਕਾਰ ਝੋਨੇ ਦੀ ਬਿਜਾਈ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਮੁਫਤ ਬਿਜਲੀ ਨਾ ਦੇਣ ਦਾ ਬਹਾਨਾ ਬਣਾ ਰਹੀ ਹੈ। ਲੰਬੇ ਪਾਵਰ ਕੱਟ ਦਾ ਯੁੱਗ ਵਾਪਸ ਆ ਗਿਆ ਹੈ, ਉਹ ਵੀ ਉਸ ਸਮੇਂ ਜਦੋਂ ਵਿਰੋਧੀ ਵੀ ਇਹ ਮੰਨਦੇ ਹਨ ਕਿ ਅਕਾਲੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਦੇ ਮਾਮਲੇ ਵਿੱਚ ਸਰਪਲੱਸ ਸਟੇਟ ਬਣਾਇਆ ਸੀ। ਆਮ ਆਦਮੀ ਪਾਰਟੀ ਕੈਪਟਨ ਦੇ ਨਾਲ ਮਿਲੀ ਹੋਈ ਹੈ ਪਰ ਅਕਾਲੀ ਦਲ ਚੁੱਪ ਨਹੀਂ ਬੈਠੇਗਾ।