The Khalas Tv Blog India ਅਕਾਲੀ ਦਲ ਨੇ AI ਵੀਡੀਓ ਨਾਲ ਕਾਂਗਰਸ ਹਾਈ ਕਮਾਂਡ ਨੂੰ ਘੇਰਿਆ, ਚੰਨੀ ਨੂੰ 500 ਕਰੋੜ ‘ਚ CM ਦੀ ਕੁਰਸੀ ਖਰੀਦਦੇ ਦਿਖਾਇਆ
India Punjab

ਅਕਾਲੀ ਦਲ ਨੇ AI ਵੀਡੀਓ ਨਾਲ ਕਾਂਗਰਸ ਹਾਈ ਕਮਾਂਡ ਨੂੰ ਘੇਰਿਆ, ਚੰਨੀ ਨੂੰ 500 ਕਰੋੜ ‘ਚ CM ਦੀ ਕੁਰਸੀ ਖਰੀਦਦੇ ਦਿਖਾਇਆ

ਨਵਜੋਤ ਕੌਰ ਸਿੱਧੂ ਵੱਲੋਂ “ਪੰਜਾਬ ਵਿੱਚ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦੇਣੇ ਪੈਂਦੇ ਨੇ” ਵਾਲੇ ਬਿਆਨ ਤੋਂ ਬਾਅਦ ਸਿਆਸੀ ਪਾਰਾ ਬੁਲੰਦ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸੇ ਮੁੱਦੇ ਨੂੰ ਹਥਿਆਰ ਬਣਾ ਕੇ ਕਾਂਗਰਸ ਹਾਈ ਕਮਾਂਡ ਤੇ ਖਾਸ ਕਰਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਇੱਕ AI-ਜਨਰੇਟਿਡ ਵਿਅੰਗਾਤਮਕ ਵੀਡੀਓ ਜਾਰੀ ਕੀਤਾ ਹੈ।

ਲਗਭਗ ਇੱਕ ਮਿੰਟ ਦੇ ਇਸ ਵੀਡੀਓ ਵਿੱਚ ਗਾਂਧੀ ਹਾਊਸ (ਦਿੱਲੀ) ਨੂੰ ਦਿਖਾਇਆ ਗਿਆ ਹੈ ਜਿੱਥੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਬੈਠੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੀ ਚੋਣ ਕਰ ਰਹੇ ਹਨ।

  • ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ (ਸੁੱਖੀ) 200 ਕਰੋੜ ਵਾਲਾ ਬ੍ਰੀਫਕੇਸ ਲੈ ਕੇ ਆਉਂਦੇ ਨੇ – ਹਾਈ ਕਮਾਂਡ ਵਾਪਸ ਕਰ ਦਿੰਦੀ ਹੈ।
  • ਫਿਰ ਸੁਨੀਲ ਜਾਖੜ 300 ਕਰੋੜ ਵਾਲਾ ਬ੍ਰੀਫਕੇਸ ਲੈ ਕੇ ਆਉਂਦੇ ਨੇ – ਉਹ ਵੀ ਰੱਦ।
  • ਨਵਜੋਤ ਸਿੰਘ ਸਿੱਧੂ ਫੁੱਲਾਂ ਦਾ ਗੁਲਦਸਤਾ ਲੈ ਕੇ ਪ੍ਰਿਯੰਕਾ ਗਾਂਧੀ ਨੂੰ ਦਿੰਦੇ ਨੇ, ਪਰ ਪ੍ਰਿਯੰਕਾ ਗੁੱਸੇ ਵਿੱਚ ਗੁਲਦਸਤਾ ਸੁੱਟ ਦਿੰਦੀ ਹੈ।
  • ਅੰਤ ਵਿੱਚ ਚਰਨਜੀਤ ਸਿੰਘ ਚੰਨੀ ਆਟੋ ਰਿਕਸ਼ਾ ਚੜ੍ਹ ਕੇ 500 ਕਰੋੜ ਵਾਲਾ ਬ੍ਰੀਫਕੇਸ ਲੈ ਕੇ ਪਹੁੰਚਦੇ ਨੇ। ਸੋਨੀਆ-ਰਾਹੁਲ ਖੁਸ਼ ਹੋ ਜਾਂਦੇ ਨੇ, ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਦਿੰਦੇ ਨੇ ਤੇ ਉਹ ਸਹੁੰ ਚੁੱਕਦੇ ਦਿਖਾਏ ਜਾਂਦੇ ਨੇ। ਬਾਕੀ ਤਿੰਨੇ ਆਗੂ ਰੋਂਦੇ ਰਹਿ ਜਾਂਦੇ ਨੇ।

ਵੀਡੀਓ ਵਿੱਚ ਚੰਨੀ ’ਤੇ ਸਭ ਤੋਂ ਜ਼ਿਆਦਾ 34 ਸਕਿੰਟ ਫੋਕਸ ਕੀਤਾ ਗਿਆ ਹੈ। ਅਕਾਲੀ ਦਲ ਦਾ ਸਪੱਸ਼ਟ ਸੰਦੇਸ਼ ਹੈ ਕਿ 2021 ਵਿੱਚ ਚੰਨੀ ਨੂੰ “ਪੈਸੇ ਦੇ ਕੇ” ਮੁੱਖ ਮੰਤਰੀ ਬਣਾਇਆ ਗਿਆ ਸੀ।

ਇਸ ਤੋਂ ਪਹਿਲਾਂ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਖੁੱਲ੍ਹ ਕੇ ਦੋਸ਼ ਲਾਇਆ ਸੀ ਕਿ “ਚੰਨੀ ਨੇ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਖਰੀਦੀ ਸੀ। ਮੈਨੂੰ ਇਸ ਲਈ ਹਿੰਦੂ ਹੋਣ ਕਾਰਨ ਨਹੀਂ ਬਣਾਇਆ ਗਿਆ।” ਜਾਖੜ ਨੇ ਇਸੇ ਨਾਰਾਜ਼ਗੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ।

ਹੁਣ ਅਕਾਲੀ ਦਲ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਨੂੰ ਹਥਿਆਰ ਬਣਾ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਚੰਨੀ ਨੂੰ “ਪੈਸੇ ਵਾਲਾ ਮੁੱਖ ਮੰਤਰੀ” ਕਹਿ ਕੇ ਘੇਰਨ ਦੀ ਰਣਨੀਤੀ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।

 

 

 

 

Exit mobile version