ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕਰੀਬੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਲਾਹਕਾਰ ਲਾਉਣ ਦਾ ਮਾਮਲਾ ਭਖ ਗਿਆ ਹੈ। ਪੰਜਾਬ ਦੀਆਂ ਵਿਰੋਧੀ ਪਾਰਟੀਆਂ ਇਸ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕ ਰਹੀਆਂ ਹਨ। ਸ੍ਰੋਮਣੀ ਅਕਾਲੀ ਦਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ‘ਭਗਵੰਤ ਮਾਨ ਤਾਂ ਕੇਵਲ ਕਠਪੁਤਲੀ ਹੈ, ਹੁਕਮ ਤਾਂ ਸਾਰੇ ਦਿੱਲੀ ਤੋਂ ਹੀ ਲਾਗੂ ਹੁੰਦੇ ਹਨ।’
ਅਕਾਲੀ ਦਲ ਦਾ ਇਸ ਮਸਲੇ ’ਤੇ ਕਹਿਣਾ ਹੈ ਕਿ, “ਪਿਛਲੇ ਦਿਨੀਂ ਕੇਜਰੀਵਾਲ ਵੱਲੋਂ ਪੰਜਾਬ ਦੇ ਮੰਤਰੀਆਂ ਨਾਲ ਦਿੱਲੀ ਵਿਖੇ ਕੀਤੀਆਂ ਮੀਟਿੰਗਾਂ ਵਿੱਚੋਂ ਭਗਵੰਤ ਮਾਨ ਨੂੰ ਗੈਰ-ਹਾਜ਼ਰ ਰੱਖਿਆ ਗਿਆ। ਪੰਜਾਬ ਮੰਤਰੀ ਮੰਡਲ ਤੇ ਮੁੱਖ ਮੰਤਰੀ ਦੇ ਸਲਾਹਕਾਰ ਦੀਆਂ ਤਬਦੀਲੀਆਂ ਕਰਕੇ ਕੇਜਰੀਵਾਲ ਨੇ ਆਪਣੇ ਭਰੋਸੇਯੋਗ ਬੰਦਿਆਂ ਨੂੰ ਲਗਾਇਆ। ਇਹਨਾਂ ਗੱਲਾਂ ਤੋਂ ਸਪੱਸ਼ਟ ਜ਼ਾਹਰ ਹੁੰਦਾ ਹੈ ਕਿ ਭਗਵੰਤ ਮਾਨ ਤਾਂ ਕੇਵਲ ਕਠਪੁਤਲੀ ਹੀ ਹੈ, ਹੁਕਮ ਤਾਂ ਸਾਰੇ ਦਿੱਲੀ ਤੋਂ ਹੀ ਲਾਗੂ ਹੁੰਦੇ ਹਨ।”
ਦਰਅਸਲ ਬੀਤੇ ਦਿਨ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਪੰਜਾਬ ਦੇ ਕੈਬਨਿਟ ਮੰਤਰੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਵਿਭਾਗਾਂ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਸਮਾਂਬੱਧ ਟੀਚੇ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਦੀ ਹਾਜ਼ਰੀ ਤੋਂ ਬਗੈਰ ਕੇਜਰੀਵਾਲ ਵੱਲੋਂ ਇਸ ਤਰੀਕੇ ਪੰਜਾਬ ਦੇ ਵਜ਼ੀਰਾਂ ਦੀ ਸਮੀਖਿਆ ਕਰਨ ਨੂੰ ਲੈ ਕੇ ਪੰਜਾਬ ਦੀਆਂ ਵਿਰੋਧ ਧਿਰਾਂ ਨੇ ਸਵਾਲ ਖੜੇ ਕੀਤੇ ਹਨ। ਇਸਦੀ ਅਕਾਲੀ ਦਲ ਤੇ ਕਾਂਗਰਸ ਦੋਵਾਂ ਵੱਲੋਂ ਨਿਖੇਧੀ ਕੀਤੀ ਗਈ ਹੈ।
ਉੱਧਰ ਮੁੱਖ ਮੰਤਰੀ ਦਫ਼ਤਰ ਦੇ ਸਰਕਾਰੀ ਬੁਲਾਰੇ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਕਿ ਅਜਿਹੀ ਕੋਈ ਨਿਯੁਕਤੀ ਹੋਈ ਹੈ। ਪਰ ਪੰਜਾਬ ਵਿੱਚ ਇਹ ਖ਼ਬਰ ਅੱਗ ਵਾਂਗੂੰ ਫੈਲ ਗਈ ਹੈ ਕਿ ਪੰਜਾਬ ਕੈਬਨਿਟ ਨੇ ਬੀਤੇ ਕੱਲ੍ਹ ਅਰਵਿੰਦ ਕੇਜਰੀਵਾਲ ਦੇ ਭਰੋਸੇਮੰਦ ਤੇ ਕਰੀਬੀ ਨੂੰ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਨਿਯੁਕਤ ਕੀਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਦੇਖਿਆ ਜਾਵੇ ਤਾਂ ਜਦੋਂ ਦੇ ‘ਆਪ’ ਸੁਪਰੀਮੋ ਜੇਲ੍ਹ ਤੋਂ ਬਾਹਰ ਆਏ ਹਨ, ਪੰਜਾਬ ਦੀ ਸਿਆਸਤ ਵਿੱਚ ਵੱਡੇ ਫੇਰਬਦਲ ਵੇਖੇ ਗਏ ਹਨ। ਪਹਿਲਾਂ ਮੁੱਖ ਮੰਤਰੀ ਦੇ OSD ਓਂਕਾਰ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ ਤੇ ਮਗਰੋਂ ਡਾਇਰੈਕਟਰ ਸੰਚਾਰ ਨਵਨੀਤ ਵਧਵਾ ਨੇ CMO ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ। ਪੰਜਾਬ ਦੀ ਵਜ਼ਾਰਤ ਵਿੱਚ ਵੀ ਫੇਰਬਦਲ ਕੀਤਾ ਗਿਆ।
ਹੁਣ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਤੋਂ ਇਹ ਖ਼ਬਰ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਅਧਿਕਾਰਿਤ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੁੱਖ ਮੰਤਰੀ ਦੇ ਦੋ ਨੇੜਲਿਆਂ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਤੇ ਡਾਇਰੈਕਟਰ ਕਮਿਊਨੀਕੇਸ਼ ਸੋਸ਼ਲ ਮੀਡੀਆ ਮਨਪ੍ਰੀਤ ਕੌਰ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।