The Khalas Tv Blog Punjab ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਮੁੜ ਤੋਂ ਬਾਗ਼ੀ! ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ’ਤੇ ਦੇ ਰਹੇ ਜ਼ੋਰ
Punjab

ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਮੁੜ ਤੋਂ ਬਾਗ਼ੀ! ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ’ਤੇ ਦੇ ਰਹੇ ਜ਼ੋਰ

ਬਿਉਰੋ ਰਿਪੋਰਟ – ਲੋਕਸਭਾ ਨਤੀਜਿਆਂ ਤੋਂ ਬਾਅਦ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਮੁੜ ਤੋਂ ਬਾਗ਼ੀ ਹੋ ਗਏ ਹਨ। ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਉਹ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣਗੇ। ਇਆਲੀ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਪਰ ਪਾਰਟੀ ਦੇ ਕੁਝ ਫੈਸਲਿਆਂ ਨਾਲ ਵੱਡੇ ਪੱਧਰ ‘ਤੇ ਸਿਧਾਂਤਕ ਗਿਰਾਵਟ ਆਈ ਹੈ, ਜਿਸ ਕਾਰਨ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਲੈ ਕੇ ਲੋਕ ਸਭਾ ਵਿੱਚ ਜ਼ਿਆਦਾਤਰ ਹਲਕਿਆਂ ਅੰਦਰ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ।

ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇਲਜ਼ਾਮ ਲਗਾਇਆ ਕਿ 10 ਸਾਲ ਸੱਤਾ ਵਿੱਚ ਰਹਿੰਦੇ ਹੋਏ ਅਸੀਂ ਕਈ ਫੈਸਲੇ ਗ਼ਲਤ ਲਏ ਇਸ ਤੋਂ ਬਾਅਦ ਵੀ ਅਸੀਂ ਲਗਾਤਾਰ ਉਹ ਹੀ ਗ਼ਲਤੀਆਂ ਕਰਦੇ ਰਹੇ ਹਾਂ, ਰਾਸ਼ਟਰਪਤੀ ਦੀ ਚੋਣ ਵਿੱਚ ਅਕਾਲੀ ਬੀਜੇਪੀ ਦੇ ਉਮੀਦਵਾਰ ਦੀ ਹਮਾਇਤ ਕੀਤੀ। ਸਿੱਖ ਕੌਮ ਦੀ ਭਾਵਨਾਵਾਂ ਨੂੰ ਨਹੀਂ ਸਮਝਿਆ। ਕਿਸਾਨੀ ਸਾਡੀ ਪਾਰਟੀ ਦਾ ਮਜ਼ਬੂਤ ਅਧਾਰ ਰਿਹਾ ਹੈ, ਪਰ ਜਦੋਂ ਤਿੰਨ ਕਾਲੇ ਕਾਨੂੰਨ ਆਏ ਤਾਂ ਅਸੀਂ ਸਹੀ ਸਮੇਂ ਫੈਸਲਾ ਨਹੀਂ ਲਿਆ।

ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਮੈਂ ਪਿਛਲੇ 2 ਸਾਲ ਤੋਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਸੀ ਪਰ ਲੋਕਸਭਾ ਚੋਣਾਂ ਦੌਰਾਨ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਪੂਰੀ ਮਿਹਨਤ ਨਾਲ ਅਕਾਲੀ ਦਲ ਦੇ ਉਮੀਦਵਾਰ ਲਈ ਕੰਮ ਕੀਤਾ ਪਰ ਨਤੀਜਾ ਸਭ ਦੇ ਸਾਹਮਣੇ ਹੈ।

ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਅਕਾਲੀ ਦਲ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਪਛਾਣ ਵਿੱਚ ਅਸਫ਼ਲ ਰਹੀ। ਜਿਸ ਦਾ ਖਾਮਿਆਜ਼ਾ ਪਾਰਟੀ ਨੂੰ ਭੁਗਤਨਾ ਪਿਆ ਹੈ। 2022 ਵਿੱਚ ਝੂੰਦਾ ਕਮੇਟੀ ਇਸੇ ਲਈ ਬਣਾਈ ਗਈ ਤਾਂ ਕੀ ਅਸੀਂ ਆਪਣੀ ਗਲਤੀਆਂ ਦੀ ਪਛਾਣ ਕਰ ਸਕੀਏ। ਮੈਂ ਰਿਪੋਰਟ ਨੂੰ ਲਾਗੂ ਕਰਵਾਉਣ ਦੇ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਨਾਲ ਕਈ ਵਾਰ ਗੱਲ ਕੀਤੀ ਪਰ ਹੁਣ ਤੱਕ ਕੁਝ ਨਹੀਂ ਹੋ ਸਕਿਆ।

ਇਆਲੀ ਨੇ ਕਿਹਾ ਮੈਂ ਹਮੇਸ਼ਾ ਪਾਰਟੀ ਦਾ ਵਫਾਦਾਰ ਸਿਪਾਹੀ ਰਿਹਾ ਹਾਂ, ਪੰਥ ਅਤੇ ਪੰਜਾਬੀਆਂ ਦਾ ਭਰੋਸਾ ਕਾਇਮ ਕਰਨ ਦੇ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਜ਼ਰੂਰਤ ਹੈ ਤਾਂ ਕਿ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕੀਤਾ ਜਾ ਸਕੇ।

ਇਹ ਵੀ ਪੜ੍ਹੋ – ਦੇਸ਼ ਦੇ ਪ੍ਰਧਾਨ ਮੰਤਰੀ ਲਈ ਨਰੇਂਦਰ ਮੋਦੀ ਦੇ ਨਾਂ ’ਤੇ ਪੱਕੀ ਮੋਹਰ! 9 ਜੂਨ ਨੂੰ ਸ਼ਾਮ 6 ਵਜੇ ਚੁੱਕਣਗੇ ਸਹੁੰ!

Exit mobile version