The Khalas Tv Blog Punjab ਆਪ ਦੇ ਇਲਜ਼ਾਮਾਂ ‘ਤੇ ਅਕਾਲੀ ਦਲ/ਬਸਪਾ ਦਾ ਪਲਟਵਾਰ,ਵੀਡੀਓ ਨੂੰ ਦੱਸਿਆ ਝੂਠਾ ਸਟਿੰਗ
Punjab

ਆਪ ਦੇ ਇਲਜ਼ਾਮਾਂ ‘ਤੇ ਅਕਾਲੀ ਦਲ/ਬਸਪਾ ਦਾ ਪਲਟਵਾਰ,ਵੀਡੀਓ ਨੂੰ ਦੱਸਿਆ ਝੂਠਾ ਸਟਿੰਗ

ਜਲੰਧਰ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲਗਾਏ ਗਏ ਬੀਬੀਆਂ ਨਾਲ ਦੁਰਵਿਵਹਾਰ ਕਰਨ ਦੇ ਇਲਜ਼ਾਮਾਂ ਦੇ ਮਾਮਲੇ ‘ਚ ਅਕਾਲੀ ਦਲ ਨੇ ਆਪਣਾ ਪੱਖ ਰੱਖਿਆ ਹੈ ਤੇ ਇਹ ਦਾਅਵਾ ਕੀਤਾ ਹੈ ਕਿ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਰੋਸ ਜ਼ਾਹਿਰ ਕਰ ਰਹੀਆਂ ਬੀਬੀਆਂ ਦੀ ਗੱਲ ਧਿਆਨ ਨਾਲ ਸੁਣੀ ਸੀ ਪਰ ਇਹ ਸਾਰੀ ਘਟਨਾ ਮਾਹੌਲ ਨੂੰ ਖ਼ਰਾਬ ਕਰਨ ਦੀ ਯੋਜਨਾ  ਸੀ।

ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਆਪ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਹੋਰ ਮੌਜੂਦਾ ਗੰਭੀਰ ਮੁੱਦਿਆਂ ਨੂੰ ਛੱਡ ਕੇ ਆਪ ਸਰਕਾਰ ਦਾ ਧਿਆਨ ਸਿਰਫ਼ ਇਸ ਪਾਸੇ ਹੈ ਕਿ ਵਿਰੋਧੀ ਧਿਰ ਨੂੰ ਕਿਵੇਂ ਨੀਵਾਂ ਦਿਖਾਇਆ ਜਾਵੇ। ਉਹਨਾ ਆਪ ਸਰਕਾਰ ‘ਤੇ ਇਲਜ਼ਾਮ ਲਗਾਇਆ ਹੈ ਕਿ ਕੱਲ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਸੁਰੱਖਿਆ ਮੁਹੱਇਆ ਨਹੀਂ ਕਰਵਾਈ ਗਈ ਤੇ ਇਸ ਘਟਨਾ ਨੂੰ ਵੀ ਪੂਰੀ ਯੋਜਨਾ ਨਾਲ ਮਾਹੌਲ ਖਰਾਬ ਕਰਨ ਲਈ ਬਣਾਇਆ ਗਿਆ ਪਰ ਮਜੀਠੀਆ ਦੀ ਸੂਝ-ਬੂਝ ਨਾਲ ਇਹ ਸਿਰੇ ਨਹੀਂ ਚੜ ਸਕੀ।ਇਸ ਸੰਬੰਧ ਵਿੱਚ ਚੋਣ ਕਮਿਸ਼ਨ ਨੂੰ ਵੀ ਰਾਤ ਨੂੰ ਸ਼ਿਕਾਇਤ ਕਰ ਦਿੱਤੀ ਗਈ ਸੀ।

ਉਹਨਾਂ ਦੱਸਿਆ ਕਿ ਮਜੀਠੀਆ ਦੇ ਇੰਸਪੈਕਟਰ ਇੰਚਾਰਜ ਨੇ ਐਸਐਚਓ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ 5 ਅਣਪਛਾਤੇ ਬੰਦੇ,ਜਿਹਨਾਂ ਵਿੱਚ 3 ਔਰਤਾਂ ਸ਼ਾਮਲ ਸਨ,ਨੇ ਮਜੀਠੀਆ ਦੀ ਗੱਡੀ ‘ਤੇ ਹਮਲਾ ਕੀਤਾ ਹੈ।ਕਲੇਰ ਨੇ ਦੱਸਿਆ ਕਿ ਐਸਐਚਓ,ਪੁਲਿਸ ਕੰਟਰੋਲ ਰੂਮ ਤੇ ਐਸਐਸਪੀ ਤੱਕ ਨੂੰ ਫੋਨ ਕੀਤਾ ਗਿਆ ਪਰ ਕੋਈ ਜਵਾਬ ਨਹੀਂ ਆਇਆ। ਪੁਲਿਸ ਦੀ ਇੱਕ ਗੱਡੀ ਮੌਕੇ ‘ਤੇ ਆਈ ਵੀ ਪਰ ਉਹਨੀਂ ਪੈਰੀਂ ਵਾਪਸ ਮੁੜ ਗਈ।

ਕਲੇਰ ਨੇ ਪੰਜਾਬ ਸਰਕਾਰ ਦੇ ਇਸ ਰਵਈਏ ਦੀ ਸਖ਼ਤ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਕਿਸੇ ਪਾਰਟੀ ਦੇ ਅਹਿਮ ਚਿਹਰੇ,ਜਿਸ ਨੂੰ ਜ਼ੈਡ ਪਲੱਸ ਸੁਰੱਖਿਆ ਮਿਲੀ ਹੋਈ ਹੋਵੇ,ਉਸ ਨਾਲ ਇਸ ਤਰਾਂ ਦਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ?

ਉਹਨਾਂ ਦਾਅਵਾ ਕੀਤਾ ਹੈ ਕਿ ਅਕਾਲੀ-ਬਸਪਾ ਦੀ ਜਲੰਧਰ ਤੋਂ ਜਿੱਤ ਪੱਕੀ ਹੈ,ਇਸ ਲਈ ਆਪ ਇਹ ਡਰਾਮੇ ਕਰ ਰਹੀ ਹੈ। ਕਲੇਰ ਨੇ ਵਿੱਤ ਮੰਤਰੀ ਨੂੰ ਸਵਾਲ ਕੀਤੇ ਹਨ ਕਿ ਜਦੋਂ ਇੱਕ ਮਹਿਲਾ ਪੱਤਰਕਾਰ ਨੂੰ ਰਾਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪਰ ਅਗਲੇ ਦਿਨ ਹਈਕੋਰਟ ਵੱਲੋਂ ਰਿਹਾਈ ਦੇ ਹੁਕਮ ਆ ਜਾਂਦੇ ਹਨ,ਉਦੋਂ ਨੈਤਿਕਤਾ ਕਿਥੇ ਹੁੰਦੀ ਹੈ?

ਵਿੱਤ ਮੰਤਰੀ ਚੀਮਾ ਦੀ ਇੱਕ ਵਾਇਰਲ ਆਡਿਓ ਦਾ ਵੀ ਉਹਨਾਂ ਜ਼ਿਕਰ ਕੀਤਾ ਹੈ ਕਿ ਕਿਵੇਂ ਦਿੱਲੀ ਤੋਂ ਪੰਜਾਬ ਦੇ ਮੰਤਰੀਆਂ ਨੂੰ ਹੁਕਮ ਸੁਣਾਏ ਜਾਂਦੇ ਹਨ?ਕਲੇਰ ਨੇ ਰੋਸ ਪ੍ਰਦਰਸ਼ਨ ਦੌਰਾਨ ਡਾਂਗਾਂ ਖਾਣ ਵਾਲੀਆਂ ਬੀਬੀਆਂ ਦੀਆਂ ਵੀ ਵੀਡੀਓ ਸਾਰਿਆਂ ਦੇ ਸਾਹਮਣੇ ਰੱਖੀ ਤੇ ਕੈਬਨਿਟ ਮੰਤਰੀ ਨੂੰ ਬਰਖਾਸਤ ਨਾ ਕੀਤੇ ਜਾਣ ‘ਤੇ ਵੀ ਸਵਾਲ ਖੜੇ ਕੀਤੇ ਹਨ।

ਅਕਾਲੀ ਦਲ ਤੇ ਬਸਪਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਬਸਪਾ ਆਗੂ ਜਸਬੀਰ ਸਿੰਘ ਗੜੀ ਨੇ ਆਪ ਵੱਲੋਂ ਜਾਰੀ ਕੀਤੀ ਗਈ ਵੀਡੀਓ ਨੂੰ ਫੇਕ ਸਟਿੰਗ ਦੱਸਿਆ ਹੈ ਤੇ ਦਾਅਵਾ ਕੀਤਾ ਹੈ ਕਿ ਵੀਡੀਓ ਵਿੱਚ ਦਿਖ ਰਹੇ ਮੁੰਡਾ-ਕੁੜੀ ਪਹਿਲਾਂ ਤੋਂ ਹੀ ਇੱਕ ਦੂਸਰੇ ਨੂੰ ਜਾਣਦੇ ਸੀ ਤੇ ਪੂਰੀ ਯੋਜਨਾ ਬਣਾ ਕੇ ਆਏ ਸੀ।ਆਪਣੇ ਇਸ ਦਾਅਵੇ ਨੂੰ ਪੁੱਖਤਾ ਕਰਨ ਲਈ ਕੁਝ ਤਸਵੀਰਾਂ ਤੇ ਵੀਡੀਓ ਵੀ ਉਹਨਾਂ ਸਾਰਿਆਂ ਨਾਲ ਸਾਂਝੇ ਕੀਤੇ।

ਬਸਪਾ ਦੀ ਰਾਜ ਇਕਾਈ ਦੇ ਮੁਖੀ ਜਸਬੀਰ ਸਿੰਘ ਗੜੀ ਨੇ ਆਪ ‘ਤੇ ਪਿਛੜੀਆਂ,ਅਨੁਸੂਚਿਤ ਜਾਤੀਆਂ ਨਾਲ ਧੱਕਾ ਕਰਨ ਦਾ ਇਲਜ਼ਾਮ ਲਗਾਇਆ ਹੈ ਤੇ ਕਿਹਾ ਹੈ ਕਿ ਪੰਜਾਬ ਦੇ ਲਾਅ ਅਫ਼ਸਰਾਂ ਦੀਆਂ ਨਿਯੁਕਤੀਆਂ ਵੇਲੇ ਉਪਰੋਕਤ ਵਰਗਾਂ ਨੂੰ ਅਣਗੋਲਿਆਂ ਕੀਤਾ ਗਿਆ ਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਜਵਾਬ ‘ਚ ਅਯੋਗ ਕਰਾਰ ਦਿੱਤਾ ਗਿਆ।

ਇਸ ਤੋਂ ਇਲਾਵਾ ਪੰਜਾਬ ਵਿੱਚ ਐਸਸੀ ਕਮੀਸ਼ਨ ਦੇ ਮੈਂਬਰਾਂ ਗਿਣਤੀ ਵੀ ਘਟਾ ਕੇ 5 ਕਰ ਦਿੱਤੀ ਗਈ ਹੈ ਜਦੋਂ ਕਿ ਦਿੱਲੀ ਵਿੱਚ ਐਸਸੀ ਕਮਿਸ਼ਨ ਲਾਇਆ ਹੀ ਨਹੀਂ ਗਿਆ ਹੈ।ਆਪ ਸਰਕਾਰ ਨੇ ਰਵਿਦਾਸ ਮਹਾਰਾਜ ਦਾ ਗੁਰਪੁਰਬ ਵੀ ਨਹੀਂ ਮਨਾਇਆ ਗਿਆ।

ਇਸ ਤੋਂ ਇਲਾਵਾ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਉਣ ਵਾਲੀ ਪੰਜਾਬ ਸਰਕਾਰ ਨੇ 14 ਅਪ੍ਰੈਲ ਨੂੰ ਉਹਨਾਂ ਦੇ ਜਨਮ ਦਿਨ ਨੂੰ ਮਨਾਇਆ ਤੱਕ ਨਹੀਂ। ਬਸਪਾ ਆਗੂ ਨੇ ਕਾਂਗਰਸ ਵੱਲੋਂ ਦਲਿਤ ਸਮਾਜ ਨੂੰ ਸਿਰ ਦੀ ਜੁਤੀ ਤੇ ਭਾਂਡਾ ਕਹਿਣ ‘ਤੇ ਵੀ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ‘ਤੇ ਇਤਰਾਜ਼ ਜਤਾਇਆ ਹੈ।

ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ.ਸੁਖਵਿੰਦਰ ਸੁੱਖੀ ਨੇ ਵੀ ਆਪ ਸਰਕਾਰ  ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਰਾਜ ਸਭਾ ਵਿੱਚ ਭੇਜੇ ਗਏ ਸੱਤ ਮੈਂਬਰਾਂ ਚੋਂ ਪੰਜਾਬ ਦੇ ਤਿੰਨ ਮੈਂਬਰ ਹੀ ਸਨ ,ਬਾਕੀ 4 ਮੈਂਬਰ ਬਾਹਰੋਂ ਲਏ ਗਏ। ਇਸ ਤੋਂ ਇਲਾਵਾ ਇਹਨਾਂ ਪਿਛੜੇ ਵਰਗਾਂ ਚੋਂ ਵੀ ਕਿਸੇ ਨੂੰ ਨਹੀਂ ਲਿਆ ਗਿਆ। ਉਹਨਾਂ ਪੰਜਾਬ ਸਰਕਾਰ ਵੱਲੋਂ ਦਲਿਤ ਸਮਾਜ ਦੇ ਲੋਕਾਂ ਨੂੰ ਅਯੋਗ ਤੇ ਨਾਲਾਇਕ ਕਹੇ ਜਾਣ ‘ਤੇ ਵੀ ਰੋਸ ਜ਼ਾਹਿਰ ਕੀਤਾ ਹੈ।

 

Exit mobile version