The Khalas Tv Blog Punjab ਤੈਅ ਸ਼ਡਿਊਲ ਦੇ ਬਾਵਜੂਦ ਅੱਜ ਨਹੀਂ ਹੋਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ! ਅਕਾਲੀ ਦਲ ਨੇ ਚੁੱਕੇ ਸਵਾਲ
Punjab

ਤੈਅ ਸ਼ਡਿਊਲ ਦੇ ਬਾਵਜੂਦ ਅੱਜ ਨਹੀਂ ਹੋਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ! ਅਕਾਲੀ ਦਲ ਨੇ ਚੁੱਕੇ ਸਵਾਲ

ਬਿਉਰੋ ਰਿਪੋਰਟ: ਪੰਜਾਬ ਪੰਚਾਇਤੀ ਚੋਣਾਂ ਦੇ ਤੈਅ ਸ਼ਡਿਊਲ ਮੁਤਾਬਕ ਅੱਜ 5 ਅਤਕੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਣੀ ਸੀ ਤੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾਣੀਆਂ ਸਨ, ਪਰ ਸ਼ਾਮ ਹੋਣ ਦੇ ਬਾਵਜੂਦ ਹਾਲੇ ਤੱਕ ਇਸ ਬਾਰੇ ਪ੍ਰਸ਼ਾਸਨ ਵੱਲੋਂ ਕੋਈ ਸੂਚਨਾ ਜਾਰੀ ਨਹੀਂ ਕੀਤੀ ਗਈ ਹੈ। ਇਸ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਖੜੇ ਕਰਦਿਆਂ ਸੂਬਾ ਚੋਣ ਕਮਿਸ਼ਨ ਨੂੰ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਜਾਰੀ ਕਰਦਿਆਂ ਲਿਖਿਆ, “ਹੈਰਾਨੀ ਦੀ ਗੱਲ ਹੈ ਕਿ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਅਕਤੂਬਰ ਨੂੰ ਹੋਣੀ ਸੀ ਪਰ ਅੱਜ ਸ਼ਾਮ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਸਫ਼ਲ ਉਮੀਦਵਾਰਾਂ ਦੀਆਂ ਅੰਤਿਮ ਸੂਚੀਆਂ ਅਤੇ ਕਈ ਜ਼ਿਲ੍ਹਿਆਂ ਵਿੱਚ ਨਾਮਜ਼ਦਗੀਆਂ ਰੱਦ ਹੋਣ ਵਾਲਿਆਂ ਦੀਆਂ ਸੂਚੀਆਂ ਜਾਰੀ ਨਹੀਂ ਕੀਤੀਆਂ ਹਨ। ਇੱਥੋਂ ਤੱਕ ਕਿ ਰਾਜ ਚੋਣ ਕਮਿਸ਼ਨ ਕੋਲ ਵੀ ਅੰਤਿਮ ਸੂਚੀਆਂ ਨਹੀਂ ਹਨ।”

ਚੀਮਾ ਨੇ ਦਾਅਵਾ ਕੀਤਾ ਹੈ ਕਿ ਸੱਤਾਧਾਰੀ ਪਾਰਟੀ ਨੂੰ ਅੱਜ ਤੱਕ ਇਹ ਤੈਅ ਕਰਨ ਦੀ ਖੁੱਲ੍ਹ ਹੈ ਕਿ ਕਿਹੜੀਆਂ ਨਾਮਜ਼ਦਗੀਆਂ ਸਵੀਕਾਰ ਕੀਤੀਆਂ ਜਾਣੀਆਂ ਹਨ ਅਤੇ ਕਿਹੜੀਆਂ ਰੱਦ ਕੀਤੀਆਂ ਜਾਣੀਆਂ ਹਨ। ਇਹ ਸਪੱਸ਼ਟ ਸੰਕੇਤ ਹੈ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਸੰਭਵ ਨਹੀਂ ਹਨ।

ਚੀਮਾ ਨੇ ਸੂਬਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਚੋਣ ਪ੍ਰਕਿਰਿਆ ਵਿੱਚ ਜਨਤਾ ਦਾ ਵਿਸ਼ਵਾਸ ਬਹਾਲ ਕਰਨ ਲਈ ਇਸ ਨੂੰ ਬਿਨਾਂ ਕਿਸੇ ਦੇਰੀ ਦੇ ਅੰਤਿਮ ਸੂਚੀਆਂ ਤੁਰੰਤ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਕਿੰਨੀਆਂ ਨਾਮਜ਼ਦਗੀਆਂ ਕਿਸ ਆਧਾਰ ’ਤੇ ਰੱਦ ਕੀਤੀਆਂ ਗਈਆਂ ਹਨ।

Exit mobile version