ਬਿਊਰੋ ਰਿਪੋਰਟ: ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ 6 ਅਗਸਤ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਹ ਕਾਰਵਾਈ ਸ੍ਰੀਨਗਰ ਵਿੱਚ ਆਯੋਜਿਤ ਇੱਕ ਵਿਵਾਦਪੂਰਨ ਪ੍ਰੋਗਰਾਮ ਵਿੱਚ ਉਨ੍ਹਾਂ ਦੀ ਭੂਮਿਕਾ ਸਬੰਧੀ ਕੀਤੀ ਗਈ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਉਸੇ ਦਿਨ ਸਵੇਰੇ 9 ਵਜੇ ਪੰਜ ਸਿੰਘ ਸਾਹਿਬਾਨ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ, ਜਿਸਦੀ ਪ੍ਰਧਾਨਗੀ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਰਨਗੇ। ਇਸ ਤੋਂ ਪਹਿਲਾਂ ਮੰਤਰੀ ਬੈਂਸ ਨੂੰ 1 ਅਗਸਤ ਨੂੰ ਬੁਲਾਇਆ ਗਿਆ ਸੀ, ਪਰ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਗਿਆ ਹੈ ਅਤੇ ਇਸ ਵਾਰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣਾ ਲਾਜ਼ਮੀ ਹੋਵੇਗਾ।
ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਵੀ ਭੇਜਿਆ ਸੰਮਨ
ਇਸ ਮਾਮਲੇ ਵਿੱਚ, ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਵੀ ਸੰਮਨ ਭੇਜਿਆ ਗਿਆ ਹੈ, ਪਰ ਉਹ 12 ਅਗਸਤ ਤੱਕ ਵਿਦੇਸ਼ ਵਿੱਚ ਹਨ। ਇੱਕ ਪਰਿਵਾਰਕ ਵਿਆਹ ਸਮਾਗਮ ਕਾਰਨ, ਉਨ੍ਹਾਂ ਨੇ ਬਾਅਦ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਜਿਸਨੂੰ ਸਵੀਕਾਰ ਕਰ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਅਗਲੀ ਮੀਟਿੰਗ ਵਿੱਚ ਪੇਸ਼ ਹੋਣ ਲਈ ਬੁਲਾਇਆ ਜਾਵੇਗਾ।
ਮੰਤਰੀ ਬੈਂਸ ਨੇ ਮੰਗੀ ਸੀ ਮੁਆਫ਼ੀ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਸੰਮਨ ਮਿਲਣ ਤੋਂ ਬਾਅਦ, ਮੰਤਰੀ ਹਰਜੋਤ ਬੈਂਸ ਨੇ ਜਨਤਕ ਤੌਰ ’ਤੇ ਆਪਣੀ ਗ਼ਲਤੀ ਸਵੀਕਾਰ ਕਰ ਲਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਗੁਰਬਾਣੀ ਦੀ ਇੱਕ ਲਾਈਨ ਸਾਂਝੀ ਕਰਕੇ ਮੁਆਫ਼ੀ ਮੰਗੀ ਸੀ।