The Khalas Tv Blog Punjab ਜਥੇਦਾਰ ਵੱਲੋਂ ਕੈਬਨਿਟ ਮੰਤਰੀ ਸੋਂਦ ਤੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਨੂੰ ਨੋਟਿਸ ਜਾਰੀ
Punjab Religion

ਜਥੇਦਾਰ ਵੱਲੋਂ ਕੈਬਨਿਟ ਮੰਤਰੀ ਸੋਂਦ ਤੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਨੂੰ ਨੋਟਿਸ ਜਾਰੀ

ਬਿਊਰੋ ਰਿਪੋਰਟ (ਸ੍ਰੀ ਅਨੰਦਪੁਰ ਸਾਹਿਬ, 18 ਨਵੰਬਰ 2025): ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਯਾਦਗਾਰ ਵਿੱਚ ਪ੍ਰਦਰਸ਼ਿਤ ਤਸਵੀਰਾਂ ਵਿੱਚ ਸਿੱਖ ਸਿਧਾਂਤਾਂ, ਮਰਿਆਦਾਵਾਂ ਅਤੇ ਭਾਵਨਾਵਾਂ ਦੇ ਵਿਰੁੱਧ ਕੀਤੀ ਗਈ ਪੇਸ਼ਕਾਰੀ ਦਾ ਗੰਭੀਰ ਨੋਟਿਸ ਲਿਆ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੁੱਜੀਆਂ ਸ਼ਿਕਾਇਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੇ ਬਿਆਨ ਤੋਂ ਬਾਅਦ, ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਤੇ ਡਾਇਰੈਕਟਰ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ।

ਪੰਜਾਬ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੂੰ ਆਪਣਾ ਸਪਸ਼ਟੀਕਰਨ ਇੱਕ ਹਫ਼ਤੇ ਦੇ ਅੰਦਰ-ਅੰਦਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪਹੁੰਚ ਕੇ ਦੇਣ ਲਈ ਆਖਿਆ ਗਿਆ ਹੈ ਜਦਕਿ ਵਿਭਾਗ ਦੇ ਡਾਇਰੈਕਟਰ ਲਿਖਤੀ ਰੂਪ ਵਿੱਚ ਸਪਸ਼ਟੀਕਰਨ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।

ਤਸਵੀਰਾਂ ’ਤੇ ਮੁੱਖ ਇਤਰਾਜ਼:

ਪੱਤਰ ਵਿੱਚ ਦੱਸਿਆ ਗਿਆ ਹੈ ਕਿ ਯਾਦਗਾਰ ਵਿੱਚ ਬਣਾਈਆਂ ਗਈਆਂ ਤਸਵੀਰਾਂ ਸਿੱਖ ਰਵਾਇਤਾਂ ਦੇ ਉਲਟ ਹਨ। ਮੁੱਖ ਇਤਰਾਜ਼ ਹੇਠ ਲਿਖੇ ਅਨੁਸਾਰ ਹਨ:

  1. ਗੁਰੂ ਸਾਹਿਬ ਨੂੰ ਜੋੜੇ ਸਮੇਤ ਅੰਮ੍ਰਿਤ ਛਕਾਉਂਦੇ ਦਰਸਾਉਣਾ: ਇੱਕ ਤਸਵੀਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ (ਜੁੱਤੀਆਂ) ਪਾ ਕੇ ਪੰਜ ਪਿਆਰੇ ਸਾਹਿਬਾਨ ਨੂੰ ਅੰਮ੍ਰਿਤਪਾਨ ਕਰਵਾਉਂਦੇ ਹੋਏ ਦਿਖਾਇਆ ਗਿਆ ਹੈ, ਜੋ ਸਿੱਖ ਮਰਯਾਦਾ ਦੇ ਖਿਲਾਫ਼ ਹੈ।
  2. ‘ਬੀਰ ਆਸਣ’ ਦੀ ਉਲੰਘਣਾ: ਅੰਮ੍ਰਿਤ ਛਕ ਰਹੇ ਸਿੰਘ ਨੂੰ ਵੀ ਅੰਮ੍ਰਿਤ ਸੰਚਾਰ ਦੀ ਮਰਯਾਦਾ ਅਨੁਸਾਰ “ਬੀਰ ਆਸਣ” ਵਿੱਚ ਨਹੀਂ ਦਰਸਾਇਆ ਗਿਆ।
  3. ਮਰਯਾਦਾ ਵਿਰੁੱਧ ਹੋਰ ਚੀਜ਼ਾਂ: ਤਸਵੀਰ ਵਿੱਚ ਅੰਮ੍ਰਿਤ ਦੇ ਬਾਟੇ ਅਤੇ ਖੰਡੇ ਦੀ ਦਿਖ ਸਿੱਖੀ ਰਵਾਇਤ ਵਾਲੀ ਨਹੀਂ ਹੈ, ਦੋ ਪਾਲਕੀਆਂ ਦਾ ਭਾਵ ਸਪੱਸ਼ਟ ਨਹੀਂ ਅਤੇ ਬਣਾਇਆ ਗਿਆ ਨਿਸ਼ਾਨ (ਝੰਡਾ) ਵੀ ਸਿੱਖੀ ਰਵਾਇਤਾਂ ਅਨੁਸਾਰ ਨਹੀਂ ਹੈ।

ਜਥੇਦਾਰ ਜੀ ਦਾ ਆਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਆਦੇਸ਼ ਦਿੱਤਾ ਹੈ ਕਿ ਡਾਇਰੈਕਟਰ, ਸੈਰ ਸਪਾਟਾ ਵਿਭਾਗ, ਇੱਕ ਹਫ਼ਤੇ ਦੇ ਅੰਦਰ-ਅੰਦਰ ਲਿਖਤੀ ਰੂਪ ਵਿੱਚ ਸਪੱਸ਼ਟ ਕਰਨ ਕਿ ਇਹ ਇਤਰਾਜ਼ਯੋਗ ਪੇਸ਼ਕਾਰੀ ਕਿਉਂ ਕੀਤੀ ਗਈ ਅਤੇ ਇਸ ਨੂੰ ਅੰਤਿਮ ਰੂਪ ਦੇਣ ਵਿੱਚ ਕਿਸ-ਕਿਸ ਅਧਿਕਾਰੀ ਜਾਂ ਵਿਅਕਤੀ ਦੀ ਸ਼ਮੂਲੀਅਤ ਹੈ।

 

Exit mobile version