The Khalas Tv Blog India ਕਸ਼ਮੀਰ ਵਾਦੀ ਦੇ ਚਿੱਟੀਸਿੰਘਪੁਰਾ ’ਚ ਸ਼ਹੀਦ ਹੋਏ 35 ਸਿੱਖਾਂ ਦੇ ਪਰਿਵਾਰ ਅੱਜ ਵੀ ਕਰ ਰਹੇ ਇਨਸਾਫ਼ ਦੀ ਉਡੀਕ
India Punjab Religion

ਕਸ਼ਮੀਰ ਵਾਦੀ ਦੇ ਚਿੱਟੀਸਿੰਘਪੁਰਾ ’ਚ ਸ਼ਹੀਦ ਹੋਏ 35 ਸਿੱਖਾਂ ਦੇ ਪਰਿਵਾਰ ਅੱਜ ਵੀ ਕਰ ਰਹੇ ਇਨਸਾਫ਼ ਦੀ ਉਡੀਕ

ਬਿਊਰੋ ਰਿਪੋਰਟ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਚਿੱਟੀਸਿੰਘਪੁਰਾ ਵਿਖੇ ਰਹਿੰਦੇ ਸਿੱਖਾਂ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਇਸ ਪਿੰਡ ਵਿੱਚ 20 ਮਾਰਚ 2000 ਨੂੰ ਕਤਲ ਕੀਤੇ ਗਏ 35 ਨਿਰਦੋਸ਼ ਸਿੱਖਾਂ ਦੀ ਸੰਗਤ ਵੱਲੋਂ ਬਣਾਈ ਗਈ ਯਾਦਗਾਰ ਤੇ ਤਸਵੀਰਾਂ ਵੀ ਦੇਖੀਆਂ ਅਤੇ ਉਹ ਕੰਧ ਵੀ ਦੇਖੀ ਜਿਸ ਨਾਲ ਲਗਾ ਕਿ ਇਨ੍ਹਾਂ ਸਿੱਖਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਸੀ।

ਇਸ ਮੌਕੇ ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਦੁਖਦਾਈ ਹਾਦਸੇ ਨੇ ਨਾ ਸਿਰਫ਼ ਕਸ਼ਮੀਰ ਦੇ ਸਿੱਖਾਂ ਨੂੰ, ਸਗੋਂ ਪੂਰੀ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਕੀਤੇ ਗਏ ਸਿੱਖਾਂ ਦੇ ਪਰਿਵਾਰ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ ਅਤੇ ਇਸ ਘਟਨਾ ਦਾ ਸੱਚ ਅੱਜ ਤੱਕ ਸਾਹਮਣੇ ਨਹੀਂ ਆ ਸਕਿਆ ਹੈ, ਜੋ ਕਿ ਸਰਕਾਰ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਦੁਖ ਦੀ ਗੱਲ ਹੈ ਕਿ ਅੱਜ ਤੱਕ ਇਸ ਕਤਲੇਆਮ ਦੇ ਦੋਸ਼ੀ ਬੇਨਕਾਬ ਨਹੀਂ ਕੀਤੇ ਗਏ ਅਤੇ ਨਾ ਹੀ ਸਜ਼ਾ ਮਿਲੀ ਹੈ।

ਉਨ੍ਹਾਂ ਕਿਹਾ ਕਿ ਗੋਲੀਆਂ ਦੇ ਨਿਸ਼ਾਨ ਅੱਜ ਵੀ ਗਵਾਹੀ ਦੇ ਰਹੇ ਹਨ ਕਿ ਸਿੱਖ ਕੌਮ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਕਿਵੇਂ ਵਾਰ-ਵਾਰ ਨਿਸ਼ਾਨਾ ਬਣਾਈ ਗਈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਸਿੱਖਾਂ ਨੇ ਇਤਨਾ ਤਸ਼ੱਦਦ ਝੱਲਣ ਦੇ ਬਾਵਜੂਦ ਵੀ ਆਪਣੀ ਜ਼ਮੀਨ ਨਹੀਂ ਛੱਡੀ ਅਤੇ ਅੱਜ ਵੀ ਸਿੱਖ ਇਸ ਧਰਤੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਚੜ੍ਹਦੀ ਕਲਾ ਨਾਲ ਰਹਿ ਰਹੇ ਹਨ, ਪਰ ਸਰਕਾਰਾਂ ਇਨ੍ਹਾਂ ਦੇ ਹੱਕ ਹਕੂਕ ਦੱਬ ਰਹੀ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਚਿੱਟੀਸਿੰਘਪੁਰਾ ਦੀ ਘਟਨਾ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਜੇ ਸਿੱਖ ਕੌਮ ਏਕਤਾ ਨਾਲ ਖੜ੍ਹੇ ਤਾਂ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਇਸ ਦੌਰਾਨ ਪਿੰਡ ਦੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸੰਧਿਆ ਵੇਲੇ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰਬਾਣੀ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਵਿਸ਼ੇਸ਼ ਤੌਰ ’ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਦੁੱਖ-ਦਰਦ ਸਾਂਝਾ ਕੀਤਾ।

ਇਸ ਦਗੌਰਾਨ ਜਥੇਦਾਰ ਗੜਗੱਜ ਨੇ ਸ਼ਹੀਦਾਂ ਦੀ ਯਾਦ ਸੰਭਾਲਣ ਲਈ ਪਿੰਡ ਵਾਸੀ ਸਰਕਾਰੀ ਅਧਿਆਪਕ ਗਿਆਨੀ ਰਜਿੰਦਰ ਸਿੰਘ ਅਤੇ ਨੌਜਵਾਨ ਸਭਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

Exit mobile version