The Khalas Tv Blog India ਭਾਰਤ ਸਰਕਾਰ ਵੱਲੋਂ ਪ੍ਰਕਾਸ਼ ਗੁਰਪੁਰਬ ਮੌਕੇ ਸਿੱਖ ਜਥਾ ਪਾਕਿ ਨਾ ਭੇਜਣ ਦੀ ਫੈਸਲਾ ਦੀ ਸ੍ਰੀ ਅਕਾਲ ਤਖ਼ਤ ਵੱਲੋਂ ਸਖ਼ਤ ਨਿੰਦਾ
India Punjab Religion

ਭਾਰਤ ਸਰਕਾਰ ਵੱਲੋਂ ਪ੍ਰਕਾਸ਼ ਗੁਰਪੁਰਬ ਮੌਕੇ ਸਿੱਖ ਜਥਾ ਪਾਕਿ ਨਾ ਭੇਜਣ ਦੀ ਫੈਸਲਾ ਦੀ ਸ੍ਰੀ ਅਕਾਲ ਤਖ਼ਤ ਵੱਲੋਂ ਸਖ਼ਤ ਨਿੰਦਾ

ਬਿਊਰੋ ਰਿਪੋਰਟ (ਅੰਮ੍ਰਿਤਸਰ, 15 ਸਤੰਬਰ 2025): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਨਵੰਬਰ ਮਹੀਨੇ ਵਿੱਚ ਸਿੱਖ ਸ਼ਰਧਾਲੂਆਂ ਦਾ ਜਥਾ ਇਸ ਸਾਲ ਭਾਰਤ ਤੋਂ ਪਾਕਿਸਤਾਨ ਨਾ ਭੇਜਣ ਦੇ ਫ਼ੈਸਲੇ ਨੂੰ ਗ਼ਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਦੇਸ਼ਾਂ ਵਿਚਕਾਰ ਕ੍ਰਿਕਟ ਖੇਡਿਆ ਜਾ ਸਕਦਾ ਹੈ ਤਾਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਕਿਉਂ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਇਸ ਖ਼ਿੱਤੇ ਵਿੱਚ ਸ਼ਾਂਤੀ ਤੇ ਤਰੱਕੀ ਚਾਹੁੰਦੀਆਂ ਹਨ ਤਾਂ ਇਸ ਲਈ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਸਬੰਧ ਆਪਸ ਵਿੱਚ ਸੁਖਾਵੇਂ ਹੋਣ ਅਤੇ ਇਹ ਦੇਸ਼ ਆਪਸ ਵਿੱਚ ਵਪਾਰ ਦੇ ਰਸਤੇ ਖੋਲ੍ਹਣ।

ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਅਨੁਸਾਰ ਹਰ ਸਾਲ ਸਿੱਖ ਜਥੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਂਦੇ ਹਨ, ਲੇਕਿਨ ਭਾਰਤ ਸਰਕਾਰ ਵੱਲੋਂ ਇਸ ਵਾਰ ਲਏ ਗਏ ਫ਼ੈਸਲੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ ਸਿੱਖ ਸੰਗਤ ਨੂੰ ਵਾਂਝੇ ਰੱਖਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਵਿਸ਼ਵਭਰ ਵਿੱਚ ਵੱਸਦੀ ਸਿੱਖ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦੀ ਹੈ ਅਤੇ ਸ੍ਰੀ ਨਨਕਾਣਾ ਸਾਹਿਬ ਗੁਰੂ ਸਾਹਿਬ ਜੀ ਦਾ ਜਨਮ ਅਸਥਾਨ ਹੋਣ ਕਰਕੇ ਹਰ ਸਾਲ ਹਜ਼ਾਰਾਂ ਹੀ ਸਿੱਖ ਸੰਗਤਾਂ ਇੱਥੇ ਨਤਮਸਤਕ ਹੋਣ ਪੁੱਜਦੀਆਂ ਹਨ।

ਜਥੇਦਾਰ ਗੜਗੱਜ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਪਿਛਲੇ ਸਮੇਂ ਜੋ ਵੀ ਤਲਖ਼ੀ ਵਾਲਾ ਮਾਹੌਲ ਬਣਿਆ ਸੀ ਇਸ ਦਾ ਅਸਰ ਭਾਈਚਾਰਿਆਂ ਦੇ ਸਬੰਧਾਂ ਉੱਤੇ ਨਹੀਂ ਪੈਣਾ ਚਾਹੀਦਾ ਬਲਕਿ ਸਦਭਾਵਨਾ ਤੇ ਗੱਲਬਾਤ ਨਾਲ ਮਸਲੇ ਹੱਲ ਕਰਨੇ ਚਾਹੀਦੇ ਹਨ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਆਖਿਆ ਕਿ ਉਹ ਵੀ ਭਾਰਤ ਸਰਕਾਰ ਨੂੰ ਇਹ ਯਕੀਨੀ ਬਣਾਵੇ ਕਿ ਜੇਕਰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਆਉਂਦਾ ਹੈ ਤਾਂ ਉਹ ਉਨ੍ਹਾਂ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਲੈਣਗੇ।

ਜਥੇਦਾਰ ਗੜਗੱਜ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਆਪਸ ਵਿੱਚ ਕ੍ਰਿਕਟ ਜਾਂ ਕੋਈ ਹੋਰ ਖੇਡ ਖੇਡਦੇ ਹਨ ਤਾਂ ਇਹ ਇੱਕ ਚੰਗੀ ਪਹਿਲ ਹੈ, ਇਸਦਾ ਸੁਆਗਤ ਹੈ, ਇਸ ਨਾਲ ਆਪਸੀ ਰਿਸ਼ਤਿਆਂ ਵਿੱਚ ਸੁਧਾਰ ਹੋਵੇਗਾ, ਪਰੰਤੂ ਸਿੱਖ ਜਥਿਆਂ ਸਬੰਧੀ ਵੀ ਇਹੀ ਨੀਤੀ ਅਪਣਾਉਣੀ ਚਾਹੀਦੀ ਹੈ। ਪਾਕਿਸਤਾਨ ਨਾਲ ਕ੍ਰਿਕਟ ਮੈਚ ਖੇਡਣ ਉੱਤੇ ਭਾਰਤ ਅੰਦਰ ਵਿਰੋਧੀ ਸਿਆਸੀ ਧਿਰਾਂ ਖ਼ਾਸਕਰ ਜਿਹੜੀਆਂ ਧਿਰਾਂ ਪੰਜਾਬ ਅੰਦਰ ਕੰਮ ਕਰ ਰਹੀਆਂ ਹਨ, ਉਨ੍ਹਾਂ ਵੱਲੋਂ ਇਸ ਮਸਲੇ ਉੱਤੇ ਸਰਕਾਰ ਦਾ ਵਿਰੋਧ ਕਰਨਾ ਵੀ ਗਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੰਮ ਕਰਦੀ ਕਿਸੇ ਵੀ ਸਿਆਸੀ ਧਿਰ ਨੂੰ ਵੱਡਾ ਦਿਲ ਕਰਕੇ ਉਸ ਕਦਮ ਦਾ ਸੁਆਗਤ ਕਰਨਾ ਚਾਹੀਦਾ ਹੈ ਜਿਸ ਨਾਲ ਦੋਵੇਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਹੁੰਦਾ ਹੋਵੇ, ਕਿਉਂਕਿ ਆਪਸੀ ਸਾਂਝ ਤੇ ਪਿਆਰ ਨਾਲ ਹੀ ਖ਼ਿੱਤੇ ਵਿੱਚ ਅਮਨ ਤੇ ਸ਼ਾਂਤੀ ਕਾਇਮ ਰਹੇਗੀ ਨਾ ਕਿ ਨਫ਼ਰਤ ਨਾਲ। ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਖੇਡੇ ਜਾਣ ਨਾਲ ਕੁਝ ਵੀ ਮਾੜਾ ਜਾਂ ਗਲਤ ਨਹੀਂ ਹੋਇਆ ਅਤੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਬਾਰੇ ਵੀ ਇਹੀ ਪਹੁੰਚ ਰੱਖਣੀ ਚਾਹੀਦੀ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਇੱਕ ਪਾਸੇ ਤਾਂ ਸਿੱਖ ਸੰਗਤਾਂ ਤੇ ਸੰਸਥਾਵਾਂ ਵੱਲੋਂ ਬੀਤੇ ਸਮੇਂ ਬੰਦ ਕੀਤਾ ਗਿਆ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਲਗਾਤਾਰ ਸਰਕਾਰ ਪਾਸੋਂ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਸਰਕਾਰ ਨੇ ਹੁਣ ਹਰ ਸਾਲ ਸਮਝੌਤੇ ਅਨੁਸਾਰ ਵੀਜ਼ਾ ਪ੍ਰਾਪਤ ਕਰਕੇ ਜਾਂਦੇ ਸਿੱਖ ਜਥਿਆਂ ਉੱਤੇ ਵੀ ਰੋਕ ਲਗਾ ਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ 1947 ਦੀ ਵੰਡ ਮੌਕੇ ਸਿੱਖਾਂ ਤੇ ਪੰਜਾਬੀਆਂ ਨੇ ਵੱਡਾ ਸੰਤਾਪ ਹੰਢਾਇਆ ਹੈ ਤੇ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਜਾਨੋਂ ਪਿਆਰੇ ਗੁਰਧਾਮਾਂ ਤੋਂ ਵਿਛੋੜਿਆ ਗਿਆ ਹੈ ਅਤੇ ਹੁਣ ਸਿੱਖ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।

Exit mobile version