The Khalas Tv Blog India ਦਾੜੇ ਤੇ ਕੇਸਾਂ ਖ਼ਾਤਰ ਉਜ਼ਬੇਕਿਸਤਾਨ ਦੀ ਯੂਨੀ ਨਾਲ ਭਿੜਨ ਵਾਲੇ ਨੌਜਵਾਨ ਦਾ ਜਥੇਦਾਰ ਗੜਗੱਜ ਵੱਲੋਂ ਸਨਮਾਨ
India International Punjab Religion

ਦਾੜੇ ਤੇ ਕੇਸਾਂ ਖ਼ਾਤਰ ਉਜ਼ਬੇਕਿਸਤਾਨ ਦੀ ਯੂਨੀ ਨਾਲ ਭਿੜਨ ਵਾਲੇ ਨੌਜਵਾਨ ਦਾ ਜਥੇਦਾਰ ਗੜਗੱਜ ਵੱਲੋਂ ਸਨਮਾਨ

ਬਿਊਰੋ ਰਿਪੋਰਟ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਦੇਸ਼ ਦੀ ਇੱਕ ਮੈਡੀਕਲ ਅਕੈਡਮੀ ਤੋਂ ਔਕੜਾਂ ਦੇ ਬਾਵਜੂਦ ਸਾਬਤ ਸੂਰਤ ਸਿੱਖੀ ਸਰੂਪ ਕਾਇਮ ਰੱਖਦਿਆਂ ਡਾਕਟਰੀ ਦੀ ਪੜ੍ਹਾਈ ਜਾਰੀ ਰੱਖਣ ਵਾਲੇ ਸਿੱਖ ਨੌਜਵਾਨ ਹਰਸ਼ਦੀਪ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਦੇ ਰਹਿਣ ਵਾਲੇ ਹਰਸ਼ਦੀਪ ਸਿੰਘ ਅਤੇ ਉਸਦੀ ਭੈਣ ਬੀਬੀ ਗੁਰਪ੍ਰੀਤ ਕੌਰ ਉਜ਼ਬੇਕਿਸਤਾਨ ਵਿਖੇ ਤਾਸ਼ਕੰਤ ਯੂਨੀਵਰਸਿਟੀ ਦੀ ਮੈਡੀਕਲ ਅਕੈਡਮੀ ਤੋਂ ਡਾਕਟਰੀ ਦੀ ਪੜ੍ਹਾਈ MBBS ਦਾ ਕੋਰਸ ਕਰਨ ਲਈ ਵਿਦੇਸ਼ ਗਏ ਹੋਏ ਹਨ। ਚੱਲਦੇ ਕੋਰਸ ਦੌਰਾਨ ਅਕੈਡਮੀ ਦੇ ਪ੍ਰੋਫੈਸਰ ਵੱਲੋਂ ਹਰਸ਼ਦੀਪ ਸਿੰਘ ਉੱਤੇ ਇਹ ਸ਼ਰਤ ਲਗਾਈ ਗਈ ਕਿ ਜੇ ਉਸਨੇ ਸਰਜਰੀ ਦੀ ਕਲਾਸ ਵਿੱਚ ਦਾਖ਼ਲ ਹੋਣਾ ਹੈ ਤਾਂ ਉਸਨੂੰ ਆਪਣੀ ਦਾੜ੍ਹੀ ਦੇ ਕੇਸ ਕੱਟਣੇ ਪੈਣਗੇ। ਪਰ ਇਸ ਮਾਮਲੇ ਵਿੱਚ ਕੇਸ ਕੱਟਣ ਦੀ ਥਾਂ ਹਰਸ਼ਦੀਪ ਸਿੰਘ ਨੇ ਵਿਦੇਸ਼ ਅੰਦਰ ਆਪਣੀ ਡਾਕਟਰੀ ਦੀ ਪੜ੍ਹਾਈ ਛੱਡਣ ਨੂੰ ਪਹਿਲ ਦਿੱਤੀ।

ਹਰਸ਼ਦੀਪ ਸਿੰਘ ਨੇ ਤਾਸ਼ਕੰਤ ਯੂਨੀਵਰਸਿਟੀ ਦੇ ਡੀਨ ਨੂੰ ਸਿੱਖ ਪਛਾਣ ਵਿੱਚ ਕੇਸਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸਦੀ ਗੱਲ ਨਾ ਸੁਣੀ ਗਈ। ਇਸ ਮਗਰੋਂ ਹਰਸ਼ਦੀਪ ਸਿੰਘ ਨੇ ਇਹ ਮਾਮਲਾ ਆਪਣੇ ਖੇਤਰ ਦੀ ਇੱਕ ਸਿੱਖ ਸਾਂਸਦ ਰਾਹੀਂ ਭਾਰਤ ਸਰਕਾਰ ਕੋਲ ਉਠਾਇਆ, ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਲਿਖ ਕੇ ਇਸ ਦਾ ਹੱਲ ਕਰਨ ਲਈ ਆਖਿਆ। ਮਾਮਲਾ ਹੱਲ ਹੋਣ ਉਪਰੰਤ ਤਾਸ਼ਕੰਤ ਮੈਡੀਕਲ ਅਕੈਡਮੀ ਵੱਲੋਂ ਹਰਸ਼ਦੀਪ ਸਿੰਘ ਨੂੰ ਦਾੜ੍ਹੀ ਕੇਸਾਂ ਸਮੇਤ ਹੀ ਸਰਜਰੀ ਦੀ ਕਲਾਸ ਲਗਾਉਣ ਦੀ ਲਿਖਤੀ ਪ੍ਰਵਾਨਗੀ ਦੇ ਦਿੱਤੀ ਗਈ, ਪ੍ਰੋਫੈਸਰ ਨੇ ਲਿਖਤੀ ਮੁਆਫੀ ਮੰਗੀ ਅਤੇ ਅਗਾਂਹ ਤੋਂ ਵੀ ਸਿੱਖ ਵਿਦਿਆਰਥੀਆਂ ਲਈ ਇਹ ਸ਼ਰਤ ਹਟਾ ਦਿੱਤੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹਰਸ਼ਦੀਪ ਸਿੰਘ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਵਿਦੇਸ਼ ਅੰਦਰ ਸਿੱਖ ਪਛਾਣ ਨਾਲ ਸਬੰਧਤ ਮਾਮਲੇ ਵਿੱਚ ਅਤੇ ਆਪਣੇ ਹੱਕ ਲਈ ਡਟ ਕੇ ਪਹਿਰਾ ਦਿੱਤਾ ਅਤੇ ਆਪਣੀ ਸੂਝ-ਬੂਝ ਤੇ ਲਿਆਕਤ ਨਾਲ ਇਸ ਮਾਮਲੇ ਨੂੰ ਉਜਾਗਰ ਕੀਤਾ, ਜਿਸ ਨਾਲ ਉਜ਼ਬੇਕਿਸਤਾਨ ਦੀ ਤਾਸ਼ਕੰਤ ਮੈਡੀਕਲ ਅਕੈਡਮੀ ਵਿੱਚ ਸਿੱਖ ਬੱਚਿਆਂ ਲਈ ਆਪਣੀ ਪਛਾਣ ਕਾਇਮ ਰੱਖਦਿਆਂ ਡਾਕਟਰੀ ਪੜ੍ਹਾਈ ਕਰਨ ਦਾ ਰਾਹ ਪੱਧਰਾ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹੈ।

Exit mobile version