The Khalas Tv Blog India ਆਤਿਸ਼ੀ ਬਣੀ ਦਿੱਲੀ ਦੀ ਨਵੀਂ ਮੁੱਖ ਮੰਤਰੀ! ਅਰਵਿੰਦ ਕੇਜਰੀਵਾਲ ਨੇ ਪ੍ਰਸਤਾਵਿਤ ਕੀਤਾ ਨਾਮ
India

ਆਤਿਸ਼ੀ ਬਣੀ ਦਿੱਲੀ ਦੀ ਨਵੀਂ ਮੁੱਖ ਮੰਤਰੀ! ਅਰਵਿੰਦ ਕੇਜਰੀਵਾਲ ਨੇ ਪ੍ਰਸਤਾਵਿਤ ਕੀਤਾ ਨਾਮ

ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਦੇ ਅਸਤੀਫ਼ਾ ਦੇਣ ਦੇ ਐਲਾਨ ਤੋਂ ਬਾਅਦ ਦਿੱਲੀ ਦੇ ਅਗਲੇ ਮੁੱਖ ਮੰਤਰੀ ਦਾ ਐਲਾਨ ਹੋ ਗਿਆ ਹੈ। ਆਤਿਸ਼ੀ ਦਿੱਲੀ ਦੀ ਅਗਲੀ ਮੁੱਖ ਮੰਤਰੀ ਹੋਵੇਗੀ। ਆਮ ਆਦਮੀ ਪਾਰਟੀ (ਆਪ) ਵਿਧਾਇਕ ਦਲ ਦੀ ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਰੱਖਿਆ ਸੀ। ਵਿਧਾਇਕਾਂ ਨੇ ਇਸ ’ਤੇ ਸਹਿਮਤੀ ਜਤਾਈ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੇ ਆਗੂਆਂ ਨੇ ਦਿੱਲੀ ਦੇ ਅਗਲੇ ਮੁੱਖ ਮੰਤਰੀ ਵਜੋਂ ਆਤਿਸ਼ੀ ਦੇ ਨਾਂ ਦਾ ਸੁਝਾਅ ਦਿੱਤਾ ਸੀ। PAC ਦੀ ਮੀਟਿੰਗ ਸੋਮਵਾਰ (16 ਸਤੰਬਰ) ਨੂੰ ਹੋਈ।

ਅਰਵਿੰਦ ਕੇਜਰੀਵਾਲ ਨੇ ਐਤਵਾਰ (15 ਸਤੰਬਰ) ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਹ ਅੱਜ ਸ਼ਾਮ ਨੂੰ 4:30 ਵਜੇ ਲੈਫਟੀਨੈਂਟ ਗਵਰਨਰ ਵਿਨੈ ਸਕਸੈਨਾ ਨੂੰ ਮਿਲਣਗੇ ਅਤੇ ਆਪਣਾ ਅਸਤੀਫਾ ਸੌਂਪਣਗੇ।

ਅਰਵਿੰਦ ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ CBI ਨੇ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਦੇ ਕੇਸ ਵਿੱਚ ਉਨ੍ਹਾਂ ਨੂੰ 13 ਸਤੰਬਰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਉਨ੍ਹਾਂ ਨੂੰ ਈਡੀ ਮਾਮਲੇ ਵਿੱਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਸੀ। ਉਹ 13 ਸਤੰਬਰ ਨੂੰ ਹੀ ਤਿਹਾੜ ਜੇਲ੍ਹ ਤੋਂ ਬਾਹਰ ਆਏ ਹਨ। ਇਸ ਤੋਂ ਬਾਅਦ ਐਤਵਾਰ ਨੂੰ ‘ਆਪ’ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਅਗਨੀ ਪ੍ਰੀਖਿਆ ਦੇਣਾ ਚਾਹੁੰਦਾ ਹਾਂ।

ਦਿੱਲੀ ਦੀ ਆਬਕਾਰੀ ਨੀਤੀ ’ਚ ਕਥਿਤ ਘਪਲੇ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਆਤਿਸ਼ੀ ਕਾਫੀ ਸੁਰਖੀਆਂ ’ਚ ਰਹੀ। ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਅਸਤੀਫੇ ਤੋਂ ਬਾਅਦ, ਅਰਵਿੰਦ ਕੇਜਰੀਵਾਲ ਨੇ 9 ਮਾਰਚ 2023 ਨੂੰ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਕੈਬਨਿਟ ਮੰਤਰੀ ਬਣਾਇਆ। ਮੌਜੂਦਾ ਸਰਕਾਰ ਵਿੱਚ, ਆਤਿਸ਼ੀ ਕੋਲ ਸਿੱਖਿਆ, ਪਾਣੀ, ਵਿੱਤ, ਲੋਕ ਨਿਰਮਾਣ ਵਿਭਾਗ, ਬਿਜਲੀ, ਕਾਨੂੰਨ ਸਮੇਤ ਕੁੱਲ 14 ਮੰਤਰਾਲੇ ਹਨ। ਆਤਿਸ਼ੀ ਇਕੱਲੀ ਅਜਿਹੀ ਮੰਤਰੀ ਹੈ, ਜਿਸ ਕੋਲ ਇੰਨੇ ਸਾਰੇ ਵਿਭਾਗਾਂ ਦੀ ਜ਼ਿੰਮੇਵਾਰੀ ਹੈ।

ਕੇਜਰੀਵਾਲ ਦੀ ਸਭ ਤੋਂ ਵੱਧ ਭਰੋਸੇਮੰਦ 

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭਰੋਸੇ ਅਤੇ ਨੇੜਤਾ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਆਤਿਸ਼ੀ ਨੂੰ ਖ਼ਾਸ ਬਣਾਉਂਦੀਆਂ ਹਨ। ਆਤਿਸ਼ੀ ਨਾ ਸਿਰਫ ਦਿੱਲੀ ਸਰਕਾਰ ’ਚ ਇਕੱਲੀ ਮਹਿਲਾ ਮੰਤਰੀ ਹੈ ਸਗੋਂ ਉਹ ਇਸ ਸਮੇਂ ਦਿੱਲੀ ਸਰਕਾਰ ’ਚ ਸਭ ਤੋਂ ਵੱਧ ਵਿਭਾਗਾਂ ’ਚ, ਕੁੱਲ 14 ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਜਿਸ ਵਿੱਚ ਸਿੱਖਿਆ ਵਿਭਾਗ, ਲੋਕ ਨਿਰਮਾਣ ਵਿਭਾਗ, ਜਲ ਵਿਭਾਗ, ਮਾਲ, ਯੋਜਨਾ ਅਤੇ ਵਿੱਤ ਵਰਗੇ ਅਹਿਮ ਵਿਭਾਗ ਸ਼ਾਮਲ ਹਨ।

ਆਤਿਸ਼ੀ ਦਾ ਸਿਆਸੀ ਸਫ਼ਰ

ਆਮ ਆਦਮੀ ਪਾਰਟੀ ਦੀ ਸ਼ੁਰੂਆਤ ਦੇ ਸਮੇਂ ਹੀ ਆਤਿਸ਼ੀ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ। ਉਹ 2013 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੈਨੀਫੈਸਟੋ ਦੀ ਡਰਾਫਟ ਕਮੇਟੀ ਦੀ ਇੱਕ ਮਹੱਤਵਪੂਰਨ ਮੈਂਬਰ ਸੀ ਅਤੇ ਪਾਰਟੀ ਦੇ ਗਠਨ ਅਤੇ ਇਸ ਦੀਆਂ ਨੀਤੀਆਂ ਨੂੰ ਨਿਰਧਾਰਿਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਬਾਅਦ ਵਿੱਚ ਆਤਿਸ਼ੀ ਨੇ ਆਮ ਆਦਮੀ ਪਾਰਟੀ ਦੇ ਮੁੱਦਿਆਂ ਨੂੰ ਪੇਸ਼ ਕਰਨ ਲਈ ਬੁਲਾਰੇ ਵਜੋਂ ਜ਼ਿੰਮੇਵਾਰੀ ਸੰਭਾਲੀ। ਆਤਿਸ਼ੀ ਨੇ ਤਤਕਾਲੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸਲਾਹਕਾਰ ਵਜੋਂ ਵੀ ਕੰਮ ਕੀਤਾ ਅਤੇ ਜੇਲ੍ਹ ਜਾਣ ਤੋਂ ਬਾਅਦ ਸਿੱਖਿਆ ਮੰਤਰਾਲੇ ਦਾ ਚਾਰਜ ਵੀ ਸੰਭਾਲਿਆ।

ਆਤਿਸ਼ੀ ਨਾਲ ਸਬੰਧਿਤ ਅਹਿਮ ਜਾਣਕਾਰੀ

ਆਤਿਸ਼ੀ ਦਾ ਜਨਮ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਵਿਜੇ ਕੁਮਾਰ ਸਿੰਘ ਅਤੇ ਤ੍ਰਿਪਤਾ ਵਾਹੀ ਦੇ ਘਰ ਹੋਇਆ। ਆਤਿਸ਼ੀ ਨੇ ਆਪਣੀ ਸਕੂਲੀ ਪੜ੍ਹਾਈ ਸਪਰਿੰਗਡੇਲ ਸਕੂਲ, ਨਵੀਂ ਦਿੱਲੀ ਤੋਂ ਕੀਤੀ, ਸੇਂਟ ਸਟੀਫਨ ਕਾਲਜ ਤੋਂ ਇਤਿਹਾਸ ਦੀ ਪੜ੍ਹਾਈ ਕੀਤੀ, ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਸ਼ੇਵਨਿੰਗ ਸਕਾਲਰਸ਼ਿਪ ’ਤੇ ਮਾਸਟਰ ਡਿਗਰੀ ਹਾਸਲ ਕੀਤੀ।

ਕੁਝ ਸਾਲਾਂ ਬਾਅਦ, ਉਸਨੇ ਵਿਦਿਅਕ ਖੋਜ ਵਿੱਚ ਰੋਡਸ ਸਕਾਲਰ ਵਜੋਂ ਆਕਸਫੋਰਡ ਤੋਂ ਆਪਣੀ ਦੂਜੀ ਮਾਸਟਰ ਡਿਗਰੀ ਹਾਸਲ ਕੀਤੀ। ਆਤਿਸ਼ੀ ਨੇ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ 7 ​​ਸਾਲ ਬਿਤਾਏ, ਜਿੱਥੇ ਉਹ ਜੈਵਿਕ ਖੇਤੀ ਅਤੇ ਪ੍ਰਗਤੀਸ਼ੀਲ ਸਿੱਖਿਆ ਪ੍ਰਣਾਲੀਆਂ ਵਿੱਚ ਸ਼ਾਮਲ ਹੋ ਗਈ ਅਤੇ ਕਈ ਗੈਰ ਸਰਕਾਰੀ ਸੰਗਠਨਾਂ ਨਾਲ ਵੀ ਕੰਮ ਕੀਤਾ।

Exit mobile version