ਦਿੱਲੀ : ਸ਼ੁੱਕਰਵਾਰ ਸਵੇਰੇ ਦਿੱਲੀ ਦੀ ਹਵਾ ‘ਚ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਸ਼੍ਰੇਣੀ ‘ਚ ਦਰਜ ਕੀਤਾ ਗਿਆ।ਹਵਾ ਵਿੱਚ ਪ੍ਰਦੂਸ਼ਣ ਦਾ ਇਹ ਪੱਧਰ ਵੀ ਸਿਹਤ ਲਈ ਖ਼ਤਰਨਾਕ ਮੰਨਿਆ ਜਾਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਅੰਕੜਿਆਂ ਮੁਤਾਬਕ ਦਿੱਲੀ ‘ਚ ਜ਼ਿਆਦਾਤਰ ਥਾਵਾਂ ‘ਤੇ ਸਵੇਰੇ 7 ਵਜੇ AQI 400 ਤੋਂ ਉੱਪਰ ਰਿਹਾ।
ਦਿੱਲੀ ਵਿੱਚ ਕਈ ਥਾਵਾਂ ‘ਤੇ AQI 450 ਤੋਂ ਉੱਪਰ ਰਿਹਾ। ਸ਼ੁੱਕਰਵਾਰ ਸਵੇਰੇ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਜਹਾਂਗੀਰਪੁਰੀ ਖੇਤਰ ਵਿੱਚ ਦਰਜ ਕੀਤੀ ਗਈ, ਜਿੱਥੇ AQI 459 ਸੀ, ਜੋ ਪ੍ਰਦੂਸ਼ਣ ਪੱਧਰ ਦੀ ‘ਗੰਭੀਰ’ ਸ਼੍ਰੇਣੀ ਹੈ। ਦਿੱਲੀ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਮੁੱਖ ਮੰਤਰੀ ਆਤਿਸ਼ੀ ਨੇ ਪ੍ਰਾਇਮਰੀ ਸਕੂਲਾਂ ਲਈ ਆਨਲਾਈਨ ਕਲਾਸਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਪ੍ਰਣਾਲੀ ਅਗਲੇ ਐਲਾਨ ਤੱਕ ਲਾਗੂ ਰਹੇਗੀ।
ਨੋਇਡਾ, ਉੱਤਰ ਪ੍ਰਦੇਸ਼ ਦਾ ਇੱਕ ਸ਼ਹਿਰ ਜੋ ਐਨਸੀਆਰ ਖੇਤਰ ਵਿੱਚ ਆਉਂਦਾ ਹੈ, ਵਿੱਚ ਵੀ AQI 400 ਦੇ ਆਸਪਾਸ ਸੀ। ਸਰਦੀਆਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਦਿੱਲੀ ਸਮੇਤ ਐਨਸੀਆਰ ਦੇ ਕਈ ਇਲਾਕਿਆਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵੱਧਦਾ ਹੈ। ਹਵਾ ‘ਚ ਪ੍ਰਦੂਸ਼ਣ ਦੇ ਨਾਲ-ਨਾਲ ਪਿਛਲੇ ਕਈ ਦਿਨਾਂ ਤੋਂ ਦਿੱਲੀ ‘ਚ ਵਹਿ ਰਹੀ ਯਮੁਨਾ ਨਦੀ ‘ਚ ਝੱਗ ਦੀ ਮੋਟੀ ਪਰਤ ਦੇਖਣ ਨੂੰ ਮਿਲ ਰਹੀ ਹੈ।