‘ਦ ਖ਼ਾਲਸ ਬਿਊਰੋ:- ਅੱਜ ਭਾਰਤ ਸਰਕਾਰ ਨੇ ਕੋਰੋਨਾਵਾਇਰਸ ਖਿਲਾਫ ਬਣਾਏ ਕੋਵੈਕਸਿਨ ਟੀਕੇ ਦੇ ਪਹਿਲੇ ਪ੍ਰਯੋਗ ਦੀ ਸ਼ੁਰੂਆਤ ਆਲ ਇੰਡੀਆ ਇੰਸਟੀਚਿਉਟ ਆਫ ਮੈਡੀਕਲ ਸਾਇੰਸ (AIMS) ਹਸਪਤਾਲ ਵਿੱਚ ਕਰ ਦਿੱਤੀ ਹੈ। ਇਸ ਮੌਕੇ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਇਸ ਟੀਕੇ ਦੀ ਪਹਿਲੀ ਡੋਜ਼ ਦਿੱਤੀ ਗਈ ਹੈ।
ਏਮਜ਼ ਵਿੱਚ ਸੈਂਟਰ ਫਾਰ ਕਮਿਊਨਿਟੀ ਮੈਡੀਸਨ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਪ੍ਰਮੁੱਖੀ ਡਾ. ਸੰਜੇ ਰਾਏ ਨੇ ਕਿਹਾ ਕਿ 19 ਜੁਲਾਈ ਨੂੰ ਏਮਜ਼ ਹਸਪਤਾਲ ਵਿਚ 3,500 ਤੋਂ ਵੱਧ ਵਲੰਟੀਅਰਾਂ ਨੇ ਆਪਣੇ-ਆਪ ਨੂੰ ਰਜਿਸਟਰ ਕਰਵਾਇਆ ਹੈ, ਜਿਨ੍ਹਾਂ ਵਿਚੋਂ ਘੱਟੋ-ਘੱਟ 22 ਲੋਕਾਂ ‘ਤੇ ਟੀਕੇ ਦੀ ਅਜਮਾਇਸ਼ ਤੋਂ ਪਹਿਲਾਂ ਦੀ ਜਾਂਚ ਚੱਲ ਰਹੀ ਹੈ।
ਅੱਜ ਜਿਹੜੇ ਵਿਅਕਤੀ ਨੂੰ ਹਸਪਤਾਲ ਵਿੱਚ ਕੋਵੈਕਸਿਨ ਦਾ ਟੀਕਾ ਲਾਇਆ ਗਿਆ ਹੈ ਉਸ ਦੀ ਦੋ ਦਿਨ ਪਹਿਲਾਂ ਜਾਂਚ ਕੀਤੀ ਗਈ ਸੀ ਅਤੇ ਉਹ ਸਾਰੇ ਮਾਪਦੰਡਾਂ ’ਤੇ ਖਰਾ ਉਤਰਿਆ ਸੀ। ਜਿਸ ਨੂੰ ਕੋਵੈਕਸਿਨ ਦੀ 0.5 ਮਿਲੀਲਿਟਰ ਖੁਰਾਕ ਇੰਟਰਾਮਸਕੂਲਰ ਟੀਕੇ ਰਾਹੀਂ ਦਿੱਤੀ ਗਈ। ਇਸ ਵਿਅਕਤੀ ਨੂੰ ਅਗਲੇ ਸੱਤ ਦਿਨਾਂ ਤੱਕ ਹਸਪਤਾਲ ਵਿੱਚ ਨਿਗਰਾਨੀ ਹੇਠ ਰੱਖਿਆ ਜਾਵੇਗਾ। ਇਸ ਤੋਂ ਇਲਾਵਾਂ ਹੋਰ ਵੀ ਕਈ ਵਲੰਟੀਅਰਾਂ ਨੂੰ ਟੀਕਾ ਉਨ੍ਹਾਂ ਦੀ ਸਕ੍ਰੀਨਿੰਗ ਰਿਪੋਰਟ ਆਉਣ ਤੋਂ ਬਾਅਦ 25 ਜੁਲਾਈ ਨੂੰ ਲਾਇਆ ਜਾਵੇਗਾ। ਹੁਣ ਤੱਕ ਦੇਸ਼ ਦੇ ਕੁੱਲ 3500 ਵਲੰਟੀਅਰ ਟੀਕੇ ਦੀ ਅਜਮਾਇਸ਼ ਲਈ ਰਾਜੀ ਹੋਏ ਹਨ।