The Khalas Tv Blog Punjab ਖੇਤੀ ਕਾਨੂੰਨ : ਬਿੱਲ ਦੀ ਕਾਪੀ ਨਾ ਦਿੱਤੇ ਜਾਣ ਤੱਕ ਕਿਸੇ ਮੰਤਰੀ ਨੂੰ ਪੰਜਾਬ ਭਵਨ ਤੋਂ ਬਾਹਰ ਨਹੀਂ ਨਿਕਲਣ ਦਿਆਂਗੇ – ਮਜੀਠੀਆ
Punjab

ਖੇਤੀ ਕਾਨੂੰਨ : ਬਿੱਲ ਦੀ ਕਾਪੀ ਨਾ ਦਿੱਤੇ ਜਾਣ ਤੱਕ ਕਿਸੇ ਮੰਤਰੀ ਨੂੰ ਪੰਜਾਬ ਭਵਨ ਤੋਂ ਬਾਹਰ ਨਹੀਂ ਨਿਕਲਣ ਦਿਆਂਗੇ – ਮਜੀਠੀਆ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਤੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਵਿੱਚ ਬਿੱਲ ਨਾ ਪੇਸ਼ ਕਰਨ ‘ਤੇ ਕੈਪਟਨ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਖੇਤੀ ਬਿੱਲ ਨੂੰ ਕਾਨੂੰਨ ਬਣੇ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਹੈ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਇਸਦੇ ਵਿਰੋਧ ਵਿੱਚ ਬਿੱਲ ਲਿਆਉਣ ਲਈ ਖਰੜਾ ਵੀ ਤਿਆਰ ਨਹੀਂ ਕੀਤਾ, ਜਿਸ ਤੋਂ ਸਪੱਸ਼ਟ ਹੈ ਕਿ ਕੇਂਦਰ ਨਾਲ ਮਿਲ ਕੇ ਪੰਜਾਬ ਸਰਕਾਰ ਫ੍ਰੈਂਡਲੀ ਮੈਚ ਖੇਡ ਰਹੀ ਹੈ ਤੇ ਸਰਕਾਰ ਇੱਕ ਅਜਿਹਾ ਬਿੱਲ ਲੈ ਕੇ ਆ ਰਹੀ ਹੈ, ਜਿਸ ਨਾਲ ਕੇਂਦਰ ਦਾ ਹੀ ਭਲਾ ਹੋਣਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਇਸ਼ਾਰਾ ਕਰੇਗੀ, ਪੰਜਾਬ ਸਰਕਾਰ ਉਸੇ ਤਰ੍ਹਾਂ ਫ਼ੈਸਲਾ ਲਏਗੀ।

ਬਿਕਰਮ ਮਜੀਠੀਆ ਨੇ ਪੰਜਾਬ ਭਵਨ ਦੇ ਬਾਹਰ ਕਿਹਾ ਕਿ  ਨਾ ਤਾਂ ਮੀਡੀਆ ਨੂੰ ਦਾਖ਼ਲਾ ਦਿੱਤਾ ਗਿਆ, ਨਾ ਹੀ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਅੱਜ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਗਿਆ। ਉਨ੍ਹਾਂ ਪੰਜਾਬ ਭਵਨ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਜੀਠੀਆ ਅਤੇ ਅਕਾਲੀ ਵਿਧਾਇਕਾਂ ਵੱਲੋਂ ਪੰਜਾਬ ਭਵਨ ਬਾਹਰ ਤਾਇਨਾਤ ਪੁਲਸ ਕਰਮਚਾਰੀਆਂ ਨਾਲ ਅੰਦਰ ਜਾਣ ਨੂੰ ਲੈ ਕੇ ਬਹਿਸ ਅਤੇ ਹੰਗਾਮਾ ਹੋਇਆ।

ਪੰਜਾਬ ਭਵਨ ਵਿੱਚ ਦਾਖ਼ਲ ਨਾ ਹੋਣ ਤੋਂ ਨਾਰਾਜ਼ ਬਿਕਰਮ ਸਿੰਘ ਮਜੀਠੀਆ ਆਪਣੇ ਵਿਧਾਇਕਾਂ ਦੇ ਨਾਲ ਭਵਨ ਦੇ ਸਾਹਮਣੇ ਹੀ ਧਰਨੇ ‘ਤੇ ਬੈਠ ਗਏ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਹੁਣ ਤੱਕ ਕਿਸੇ ਵੀ ਵਿਧਾਇਕ ਨੂੰ ਕਿਸਾਨ ਬਿੱਲ ਦੀਆਂ ਕਾਪੀਆਂ ਨਹੀਂ ਦਿੱਤੀਆਂ ਗਈਆਂ। ਮਜੀਠੀਆ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਅਜਿਹਾ ਬਿੱਲ ਲੈ ਕੇ ਆਵੇ ਜਿਸ ਨਾਲ ਕਿਸਾਨਾਂ ਨੂੰ ਫ਼ੌਰੀ ਰਾਹਤ ਦਿੱਤੀ ਜਾ ਸਕੇ ਪਰ ਸਰਕਾਰ ਇਸ ਨੂੰ ਵਾਰ-ਵਾਰ ਲਟਕਾ ਰਹੀ ਹੈ।

Exit mobile version