The Khalas Tv Blog Khetibadi ਪੀਲੀ ਕੁੰਗੀ : ਡਰਨ ਦੀ ਨਹੀਂ, ਇਲਾਜ ਕਰਨ ਦੀ ਜ਼ਰੂਰਤ, ਜਾਣੋ ਕਿਵੇਂ
Khetibadi

ਪੀਲੀ ਕੁੰਗੀ : ਡਰਨ ਦੀ ਨਹੀਂ, ਇਲਾਜ ਕਰਨ ਦੀ ਜ਼ਰੂਰਤ, ਜਾਣੋ ਕਿਵੇਂ

ਗੁਰਦਾਸਪੁਰ ਦੇ ਜਿਲਾ ਸਿਖਲ਼ਾਈ ਅਫਸਰ ਡਾ. ਅਮਰੀਕ ਸਿੰਘ ਨੇ ਪੀਲੀ ਕੂੰਗੀ ਦੇ ਇਲਾਜ ਬਾਰੇ ਚਾਣਨਾ ਪਾਇਆ ਹੈ।

ਚੰਡੀਗੜ੍ਹ : ਕਣਕ ਪੰਜਾਬ ਵਿੱਚ ਅਨਾਜ ਦੀ ਮੁੱਖ ਫਸਲ ਹੈ। ਪਿਛਲੇ ਕੁਝ ਸਮੇਂ ਤੋਂ ਮੌਸਮੀ ਤਬਦੀਲੀਆਂ ਅਤੇ ਗੈਰ ਸਿਫਾਰਸ਼-ਸ਼ੁਦਾ ਕਿਸਮਾਂ ਹੇਠ ਰਕਬਾ ਵਧਣ ਕਾਰਨ ਕਣਕ ਦੀ ਫਸਲ ਉਪਰ ਕੁਝ ਅਜਿਹੀਆਂ ਬਿਮਾਰੀਆਂ ਦਾ ਹਮਲਾ ਵੇਖਣ ਨੂੰ ਮਿਲਿਆ, ਜਿੰਨਾਂ ਦਾ ਕੋਈ ਬਹੁਤਾ ਮਹੱਤਵ ਨਹੀਂ ਸੀ ਸਮਝਿਆ ਜਾਂਦਾ । ਇਨਾਂ ਵਿਚੋਂ ਪੀਲੀ ਕੁੰਗੀ ਅਜਿਹੀ ਬਿਮਾਰੀ ਹੈ ,ਜੋ ਕਣਕ ਦੀ ਖੇਤੀ ਲਈ ਖਤਰਾ ਸਾਬਤ ਹੋ ਰਹੀ ਹੈ। ਜੇਕਰ ਪੀਲੀ ਕੁੰਗੀ ਦਾ ਵਕਤ ਸਿਰ ਸਹੀ ਇਲਾਜ ਨਾਂ ਕੀਤਾ ਜਾਵੇ ਤਾਂ ਕਣਕ ਦੀ ਫਸਲ ਦਾ 70 ਫੀਸਦੀ ਤੱਕ ਝਾੜ ਘਟ ਸਕਦਾ ਹੈ। ਗੁਰਦਾਸਪੁਰ ਦੇ ਜਿਲਾ ਸਿਖਲ਼ਾਈ ਅਫਸਰ ਡਾ. ਅਮਰੀਕ ਸਿੰਘ ਨੇ ਪੀਲੀ ਕੂੰਗੀ ਦੇ ਇਲਾਜ ਬਾਰੇ ਚਾਣਨਾ ਪਾਇਆ ਹੈ।

ਕਣਕ ਦੀਆਂ ਇਨ੍ਹਾਂ ਕਿਸਮ ਦਾ ਹੋਇਆ ਬਹੁਤ ਨੁਕਸਾਨ

ਸਾਲ 2010-11 ਦੌਰਾਨ ਉੱਤਰੀ ਭਾਰਤ ਵਿੱਚ ਮੌਸਮ ਜ਼ਿਆਦਾ ਠੰਡਾ ਰਹਿਣ ਪੰਜਾਬ ਵਿੱਚ ਪੀਲੀ ਕੁੰਗੀ ਨੇ ਕਣਕ ਦੀ ਪੀ.ਬੀ.ਡਬਲਿਯੂ. 343 ਕਿਸਮ ਦਾ ਬਹੁਤ ਨੁਕਸਾਨ ਕੀਤਾ ਸੀ। ਕਣਕ ਦੀ ਇਹ ਕਿਸਮ ,ਪੀਲੀ ਕੁੰਗੀ ਦੀ ਨਵੀਂ ਕਿਸਮ 78 ਐਸ 84 ਦਾ ਟਾਕਰਾ ਨਹੀਂ ਸੀ ਕਰ ਸਕੀ ਪਰ ਸਮੇਂ ਸਿਰ ਖੇਤੀਬਾੜੀ ਵਿਭਾਗ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਸਿਫਾਰਸ਼ਸ਼ੁਦਾ ਦਵਾਈ ਪ੍ਰੋਪੀਕੋਨਾਜ਼ੋਲ ਕਿਸਾਨਾਂ ਤੱਕ ਪਹੁੰਚਾ ਕੇ ਹੋਣ ਵਾਲੇ ਨੁਕਸਾਨ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਸੀ।

ਪੀਲੀ ਕੂੰਗੀ ਦੇ ਹਮਲੇ ਲਈ ਇਹ ਹਾਲਾਤ ਅਨੁਕੂਲ

ਪਿਛਲੇ ਸਾਲ ਇਸ ਬਿਮਾਰੀ ਦੇ ਲੱਛਣ ਸਭ ਤੋਂ ਪਹਿਲਾਂ ਰੋਪੜ ਜ਼ਿਲੇ ਦੇ ਆਨੰਦਪੁਰ ਸਾਹਿਬ ਬਲਾਕ ਵਿੱਚ 18 ਦਸੰਬਰ ਨੂੰ ਦਿਖਾਈ ਦਿੱਤੇ ਸਨ ਪਰ ਚਾਲੂ ਹਾੜੀ ਦੌਰਾਨ ਪੀਲੀ ਕੁੰਗੀ ਦਾ ਕੋਈ ਵੀ ਕੇਸ ਪੰਜਾਬ ਵਿੱਚ ਦੇਖਣ ਨੂੰ ਨਹੀਂ ਮਿਲਿਆ। ਪਿਛਲੇ ਸਮੇਂ ਦੌਰਾਨ ਇਹ ਵੀ ਦੇਖਣ ਵਿੱਚ ਆਇਆ ਸੀ ਕਿ ਜਿਹੜੀ ਫਸਲ ਪਾਪੁਲਰ,ਸਫੈਦਾ ਅਤੇ ਹੋਰ ਦਰੱਖਤਾਂ ਹੇਠ ਸੀ, ਉਸ ਉੱਪਰ ਪੀਲੀ ਕੁੰਗੀ ਦਾ ਹਮਲਾ ਸਭ ਤੋਂ ਪਹਿਲਾਂ ਆਇਆ। ਪੀਲੀ ਕੁੰਗੀ ਦਾ ਹਮਲਾ ਆਮ ਕਰਕੇ ਸਭ ਤੋਂ ਪਹਿਲਾਂ ਨੀਮ ਪਹਾੜੀ ਜ਼ਿਲਿਆਂ ਹੁਸ਼ਿਆਰਪੁਰ , ਗੁਰਦਾਸਪੁਰ, ਰੋਪੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ , ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡਾਂ ਵਿੱਚ ਨਜ਼ਰ ਆਉਂਦਾ ਹੈ। ਪੀਲੀ ਕੁੰਗੀ ਦੇ ਹਮਲੇ ਅਤੇ ਵਾਧੇ ਲਈ ਰਾਤ ਦਾ ਘੱਟੋ ਘੱਟ ਤਾਪਮਾਨ 7-13 ਡਿਗਰੀ ਸੈਲਸੀਅਸ ,ਦਿਨ ਦਾ 15-24 ਡਿਗਰੀ ਸੈਲਸੀਅਸ ਅਤੇ ਹਵਾ ਵਿੱਚ ਨਮੀ ਦੀ ਮਾਤਰਾ 85-100 % ਅਨੁਕੂਲ ਮੰਨਿਆ ਜਾਂਦਾ ਹੈ।ਇਸ ਦੇ ਨਾਲ ਹੀ ਫਰਵਰੀ-ਮਾਰਚ ਮਹੀਨੇ ਦੌਰਾਨ ਬਾਰਸ਼ਾਂ ਇਸ ਬਿਮਾਰੀ ਦੇ ਵਾਧੇ ਲਈ ਸਹਾਈ ਹੁੰਦੀਆਂ ਹਨ।

ਪੰਜਾਬ ਵਿੱਚ ਪੀਲੀ ਕੂੰਗੀ ਵਧਣ ਦਾ ਇਹ ਵੀ ਇੱਕ ਕਾਰਨ

ਪੰਜਾਬ ਅੰਦਰ ਪੀਲੀ ਕੁੰਗੀ ਬਿਮਾਰੀ ਦੇ ਵਧਣ ਦਾ ਇਹ ਵੀ ਕਾਰਨ ਹੈ ਕਿ ਕਿਸਾਨਾਂ ਵੱਲੋਂ ਨੀਮ ਪਹਾੜੀ ਜ਼ਿਲਿਆਂ ਵਿੱਚ ਕੁਝ ਗੈਰ ਸਿਫਾਰਸ਼ਸੁਦਾ ਕਿਸਮਾਂ ਜਿਵੇਂ ਪੀ ਬੀ ਡਬਲਿਯੂ 2967, ਡੀ ਬੀ ਡਬਲਿਯੂ ਅਤੇ 222 ਐਚ ਡੀ 2386 ਕਿਸਮਾਂ ਦੀ ਕਾਸਤ ਕੀਤੀ ਜਾਂਦੀ ਰਹੀ ਹੈ। ਸਾਲ 2014-15 ਦੌਰਾਨ ਪੰਜਾਬ ਵਿੱਚ ਬਹੁਤ ਸਾਰੇ ਰਕਬੇ ਵਿੱਚ ਐਚ ਡੀ 2967 ਕਿਸਮ ਦੀ ਬਿਜਾਈ ਕੀਤੀ ਗਈ ਸੀ। ਇਹ ਕਿਸਮ ਪੀਲੀ ਕੁੰਗੀ ਦੀ ਨਵੀਂ ਕਿਸਮ 78 ਐਸ 84 ਦਾ ਟਾਕਰਾ ਕਰ ਸਕਦੀ ਸੀ ਪਰ ਇਸ ਦੇ ਬਾਵਜੂਦ ਪੀਲੀ ਕੁੰਗੀ ਦੇ ਹਮਲੇ ਤੋਂ ਇਹ ਕਿਸਮ ਵੀ ਨਹੀਂ ਸੀ ਬਚ ਸਕੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰਾਂ ਦੁਆਰਾ ਸਮੇਂ ਸਿਰ ਕਿਸਾਨਾਂ ਨੂੰ ਪਸਾਰ ਸਾਧਨਾਂ ਦੇ ਵੱਖ ਵੱਖ ਤਰੀਕਿਆਂ ਰਾਹੀਂ ਜਾਗਰੁਕ ਕਰਨ ਅਤੇ ਦਵਾਈ ਮੁਹੱਈਆ ਕਰਵਾਉਣ ਕਾਰਨ ਨੁਕਸਾਨ ਹੋਣੋਂ ਬਚ ਗਿਆ ਸੀ।

ਪੀਲੀ ਕੂੰਗੀ ਦੀ ਪਛਾਣ

ਪੀਲੀ ਕੁੰਗੀ ਨੂੰ ਧਾਰੀਆਂ ਵਾਲੀ ਕੁੰਗੀ ਵੀ ਕਿਹਾ ਜਾਂਦਾ ਹੈ। ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ,ਜੇਕਰ ਪ੍ਰਭਾਵਤ ਪੱਤੇ ਨੂੰ ਦੋ ਉੰਗਲਾਂ ਵਿੱਚ ਫੜਿਆ ਜਾਵੇ ਤਾਂ ਉੰਗਲਾਂ ਤੇ ਪੀਲਾ ਪਾਊਡਰ ਲੱਗ ਜਾਂਦਾ ਹੈ। ਜਦੋਂ ਬਿਮਾਰੀ ਵਧ ਜਾਂਦੀ ਹੈ ਤਾਂ ਬਿਮਾਰੀ ਸਿੱਟਿਆਂ ਤੇ ਵੀ ਦਿਖਾਈ ਦਿੰਦੀ ਹੈ ਜਿਸ ਨਾਲ ਦਾਣੇ ਪਤਲੇ ਪੈ ਜਾਂਦੇ ਹਨ ਅਤੇ ਝਾੜ ਬਹੁਤ ਘੱਟ ਜਾਂਦਾ ਹੈ। ਪੀਲੀ ਕੁੰਗੀ ਦੇ ਪੀਲੇ ਕਣ ,ਹਲਦੀ ਦੇ ਪਾਊਡਰ ਵਾਂਗ ਹੱਥਾਂ ਅਤੇ ਕੱਪੜਿਆਂ ਤੇ ਵੀ ਲੱਗ ਜਾਂਦੇ ਹਨ, ਜੋ ਬਿਮਾਰੀ ਦੇ ਅਗਾਂਹ ਫੈਲਣ ਵਿੱਚ ਸਹਾਈ ਹੁੰਦੇ ਹਨ। ਇਸ ਬਿਮਾਰੀ ਦੇ ਕਣ ਗਰਮੀਆਂ ਦੌਰਾਨ ਪਹਾੜਾਂ ਵਿੱਚ ਬੀਜੀ ਕਣਕ ਦੀ ਫਸਲ ਤੇ ਵਧਦੇ ਰਹਿੰਦੇ ਹਨ ਅਤੇ ਬਾਅਦ ਵਿੱਚ ਦਸੰਬਰ-ਜਨਵਰੀ ਮਹੀਨੇ ਦੌਰਾਨ ਪੰਜਾਬ ਵਿੱਚ ਨੀਮ ਪਹਾੜੀ ਜ਼ਿਲਿਆਂ ਵਿੱਚ ਹਮਲਾ ਕਰ ਦਿੰਦੇ ,ਜਿਥੋਂ ਇਹ ਕਣ ਹੋਰਨਾਂ ਇਲਾਕਿਆਂ ਵਿੱਚ ਫੈਲ ਜਾਂਦੇ ਹਨ।

ਪੀਲੀ ਕੁੰਗੀ ਤੋਂ ਬਚਾਅ ਲਈ ਜ਼ਰੂਰੀ

ਪੀਲੀ ਕੁੰਗੀ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਕਿਸਾਨ ਕੇਵਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਿਫਾਰਸ਼ਸ਼ੁਦਾ ਰੋਗ ਰਹਿਤ ਕਿਸਮਾਂ ਜਿਵੇਂ ਪੀ ਬੀ ਡਬਲਿਯੂ 824,826 ,869,803, ਡੀ.ਬੀ.ਡਬਲਿਯੂ 222,187,ਪੀ ਬੀ ਡਬਲਿਯੂ 725,ਪੀ ਬੀ ਡਬਲਿਯੂ 677,ਪੀ ਬੀ ਡਬਲਿਯੂ 660, ਦੀ ਹੀ ਕਾਸਤ ਕਰਿਆ ਕਰਨ ਕਿਉਂਕਿ ਇਹ ਕਿਸਮਾਂ ਪੀਲੀ ਕੁੰਗੀ ਦੀ ਜਾਤੀ 78 ਐਸ 84 ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਨੀਮ ਪਹਾੜੀ ਜ਼ਿਲਿਆਂ ਵਿੱਚ ਅਕਤੂਬਰ ਮਹੀਨੇ ਦੌਰਾਨ ਕਣਕ ਦੀ ਬਿਜਾਈ ਨਾਂ ਕੀਤੀ ਜਾਵੇ।

ਕਿਸਾਨਾਂ ਨੂੰ ਚਾਹੀਦਾ ਹੈ ਕਿ ਦਸੰਬਰ ਮਹੀਨੇ ਤੋਂ ਬਾਅਦ ਪਾਣੀ ਲਾਉਣ ਜਾਂ ਬਾਰਸ਼ ਹੋਣ ਤੋਂ ਬਾਅਦ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜਦ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਗ੍ਰਾਮ ਟੈਬੂਕੋਨਾਜ਼ੋਲ ਜਾਂ 200 ਮਿ.ਲੀ. ਪ੍ਰੋਪੀਕੋਨਾਜ਼ੋਲ ਜਾਂ 200 ਮਿਲੀ ਲਿਟਰ ਪਾਈਰੈਕਲੋਸਟ੍ਰੋਬਿਨ+ਇਪੋਕਸੀਕਪਨਾਜ਼ੋਲ 18.3 ਈ ਸੀ ਜਾਂ 200 ਮਿਲੀ ਲਿਟਰ ਐਜ਼ੋਕਸੀਸਟ੍ਰੋਬਿਨ +ਟੈਬੂਕੋਨਾਜ਼ੋਲ ਜਾਂ 120 ਗ੍ਰਾਮ ਟ੍ਰਾਈਫਲੋਕਸੀਸਟ੍ਰੋਬਿਨ + ਟੈਬੂਕੋਨਾਜ਼ੋਲ 75 ਡਬਲਿਯੂ ਜੀ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ। ਜੇਕਰ ਪੀਲੀ ਕੁੰਗੀ ਦਾ ਹਮਲਾ ਸੁਰੂਆਤੀ ਦੌਰ ਵਿੱਚ ਹੈ ਤਾਂ ਉੱਲੀਨਾਸ਼ਕ ਦਾ ਛਿੜਕਾਅ ਧੌੜੀਆਂ ਵਿੱਚ ਹੀ ਕੀਤਾ ਜਾ ਸਕਦਾ ਹੈ ਤਾਂ ਜੋ ਸ਼ੁਰੂਆਤੀ ਦੌਰ ਵਿੱਚ ਹੀ ਪੀਲੀ ਕੁੰਗੀ ਦੇ ਅਗਾਂਹੂ ਫੈਲਾਅ ਨੂੰ ਰੋਕਿਆ ਜਾ ਸਕੇ।

ਗੰਭੀਰ ਹਾਲਤਾਂ ਵਿੱਚ ਦੂਜਾ ਛਿੜਕਾਅ 15 ਦਿਨ ਦੇ ਵਕਫੇ ਤੇ ਕਰੋ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ ਰਹਿਤ ਰਹਿ ਸਕੇ। ਕਈ ਵਾਰ ਕਿਸਾਨ ਕਣਕ ਦੀ ਫਸਲ ਦੇ ਪੌਦਿਆਂ ਦੇ ਪੱਤੇ ਪੀਲੇ ਹੋਣ ਤੇ ਪੀਲੀ ਕੁੰਗੀ ਦੇ ਭੁਲੇਖੇ ਦਵਾਈ ਦਾ ਛਿੜਕਾੳ ਸ਼ੁਰੂ ਕਰ ਦਿੰਦੇ ਹਨ ,ਜਿਸ ਨਾਲ ਸਮੇਂ ਦੀ ਬਰਬਾਦੀ ਦੇ ਨਾਲ ਨਾਲ ਖੇਤੀ ਲਾਗਤ ਖਰਚੇ ਵੀ ਵਧਦੇ ਹਨ। ਕਣਕ ਦੀ ਫਸਲ ਗੰਧਕ, ਨਾਈਟਰੋਜਨ, ਜ਼ਿੰਕ ਦੀ ਘਾਟ ਕਾਰਨ ਵੀ ਪੀਲੀ ਹੋ ਸਕਦੀ ਹੈ। ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦ ਵੀ ਖੇਤਾਂ ਵਿੱਚ ਪੌਦਿਆਂ ਦੇ ਪੱਤੇ ਪੀਲੇ ਦਿਖਾਈ ਦੇਣ ਤਾਂ ਪ੍ਰਭਾਵਤ ਬੂਟਿਆਂ ਨੂੰ ਜੜਾਂ ਅਤੇ ਮਿੱਟੀ ਸਮੇਤ ਪੁੱਟ ਕੇ ਖੇਤੀ ਮਾਹਿਰਾਂ ਕੋਲ ਲਿਜਾ ਕੇ ਪਹਿਚਾਣ ਕਰਵਾਉਣ ਉਪਰੰਤ ਹੀ ਸਿਫਾਰਸ਼ਾਂ ਅਨੁਸਾਰ ਦਵਾਈਆਂ ਦਾ ਛਿੜਕਾਅ ਕਰਨ।

ਵਧੇਰੇ ਜਾਣਕਾਰੀ ਲਈ ਇੱਥੇ ਕਰੋ ਸੰਪਰਕ

ਵਧੇਰੇ ਜਾਣਕਾਰੀ ਲਈ ਕਿਸਾਨ, ਆਪਣੇ ਇਲਾਕੇ ਨਾਲ ਸੰਬੰਧਤ ਖੇਤੀਬਾੜੀ ਵਿਕਾਸ ਅਫਸਰ ਜਾਂ ਖੇਤੀਬਾੜੀ ਵਿਸਥਾਰ ਅਫਸਰ ਜਾਂ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹਨ।ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਫੋਨ ਨੰ. 1880 180 1551 ਤੇ ਮੋਬਾਇਲ ਰਾਹੀਂ ਅਤੇ ਲੈਂਡ ਲਾਈਨ ਤੋਂ 1551 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਸਮੇਂ ਸਿਰ ਪੀਲੀ ਕੁੰਗੀ ਬਿਮਾਰੀ ਨੁੰ ਪੰਜਾਬ ਵਿੱਚ ਵਧਣ ਤੋਂ ਰੋਕਿਆ ਅਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਇਹ ਫੋਨ ਸੇਵਾ ਪੰਜਾਬ ਸਰਕਾਰ ਵੱਲੋਂ ਬਿੱਲਕੁੱਲ ਮੁਫਤ ਮੁਹੱਈਆ ਜਾ ਰਹੀ ਹੈ।

Exit mobile version