‘ਦ ਖ਼ਾਲਸ ਬਿਊਰੋ : ਭਾਰਤ ਬੰਦ ਦੇ ਸੱਦੇ ਦੇ ਐਲਾਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੀ ਸਰਗਰਮ ਹੋ ਗਈਆਂ ਹਨ।ਹਰਿਆਣਾ ਵਿੱਚ ਕਿਸਾਨਾਂ ਨੇ ਅੱਜ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਟੋਲ ਫਰੀ ਰੱਖਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਸ ਸਬੰਧ ਵਿੱਚ ਐਲਾਨ ਕਰਦੇ ਹੋਏ ਸਭ ਨੂੰ ਇਹ ਅਪੀਲ ਕੀਤੀ ਹੈ ਕਿ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦਾ ਸਾਥ ਦਿੱਤਾ ਜਾਵੇ। ਇੱਕ ਵੀਡੀਓ ਵਿੱਚ ਉਹਨਾਂ ਕਿਹਾ ਹੈ ਕਿ ਹਰਿਆਣਾ ਦੇ ਮਹਿਮ ਵਿੱਚ ਕੁੱਝ ਲੋਕਾਂ ਨੇ ਮੀਟਿੰਗ ਬੁਲਾਈ ਸੀ,ਜਿਸ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਅੱਜ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦੇ ਹੋਏ ਹਰਿਆਣੇ ਵਿੱਚ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਟੋਲ ਫਰੀ ਕੀਤੇ ਜਾਣਗੇ।
ਇਸ ਸਬੰਧ ਵਿੱਚ ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਇੱਕ ਪੋਸਟ ਪਾਈ ਹੈ,ਜਿਸ ਵਿੱਚ ਟੋਲ ਫਰੀ ਕਰਨ ਦਾ ਐਲਾਨ ਕੀਤਾ ਗਿਆ ਹੈ।ਭਾਰਤ ਸਰਕਾਰ ਨੇ ਕੁਝ ਦਿਨ ਪਹਿਲਾਂ ਅਗਨੀਵੀਰ ਯੋਜਨਾ ਦਾ ਐਲਾਨ ਕੀਤਾ ਸੀ,ਜਿਸ ਰਾਹੀਂ ਫੌਜ ਵਿੱਚ 4 ਸਾਲ ਲਈ ਠੇਕੇ ‘ਤੇ ਭਰਤੀ ਕੀਤੀ ਜਾਵੇਗੀ।ਇਸ ਯੋਜਨਾ ਦਾ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ ਤੇ ਖਾਸ ਤੌਰ ‘ਤੇ ਦੇਸ਼ ਦਾ ਨੌਜਵਾਨ ਵਰਗ ਇਸ ਯੋਜਨਾ ਨੂੰ ਲੈਕੇ ਕਾਫੀ ਨਰਾਜ਼ ਨਜ਼ਰ ਆ ਰਿਹਾ ਰਿਹਾ ਹੈ ,ਸੜ੍ਹਕਾਂ ‘ਤੇ ਉਤਰ ਕੇ ਵਿਰੋਧ ਜਤਾਇਆ ਜਾ ਰਿਹਾ ਹੈ ਤੇ ਦੇਸ਼ ਵਿੱਚ ਕਈ ਜਗਾ ਤੇ ਇਹ ਵਿਰੋਧ ਹਿੰਸਕ ਰੂਪ ਵੀ ਧਾਰਨ ਕਰ ਗਿਆ ਹੈ।ਕਈ ਜਗ੍ਹਾ ‘ਤੇ ਸਰਕਾਰੀ ਸੰਪਤੀ ਨੂੰ ਅੱਗ ਲਾਏ ਜਾਣ ਦੀਆਂ ਖਬਰਾਂ ਹਨ।