ਸਿਮਰਨਜੀਤ ਸਿੰਘ ਮਾਨ ਤੀਜੀ ਵਾਰ ਲੋਕਸਭਾ ਵਿੱਚ ਜਿੱਤ ਕੇ ਜਾਣਗੇ
‘ਦ ਖ਼ਾਲਸ ਬਿਊਰੋ :- ਸੰਗਰੂਰ ਲੋਕਸਭਾ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਭਗਵੰਤ ਮਾਨ ਦੀ ਹਾਰ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਆਪਣੀ ਜਿੱਤ ਨਜ਼ਰ ਆ ਰਹੀ ਹੈ। 3 ਮਹੀਨੇ ਪਹਿਲਾਂ ਜਿਸ ਆਮ ਆਦਮੀ ਪਾਰਟੀ ਨੇ 92 ਵਿਧਾਨਸਭਾ ਸੀਟਾਂ ਜਿੱਤ ਕੇ ਸੂਬੇ ਦੀਆਂ ਸਾਰੀਆਂ ਹੀ ਪਾਰਟੀਆਂ ਨੂੰ ਨਿਰਾਸ਼ ਕਰ ਦਿੱਤਾ ਸੀ, ਉਨ੍ਹਾਂ ਲਈ 3 ਮਹੀਨੇ ਬਾਅਦ ਸਿਮਰਨਜੀਤ ਸਿੰਘ ਮਾਨ ਵੱਡੀ ਉਮੀਦ ਬਣਕੇ ਸਾਹਮਣੇ ਆਏ ਹਨ। ਖ਼ਾਸ ਕਰਕੇ ਸੁਖਬੀਰ ਬਾਦਲ ਲਈ ਜੋ ਕਿਸੇ ਵਕਤ ਸਿਮਰਨਜੀਤ ਸਿੰਘ ਮਾਨ ਦਾ ਨਾਂ ਲੈਣ ਤੋਂ ਚਿੜ ਜਾਂਦੇ ਸਨ। ਉਹ ਟਵੀਟ ਕਰਕੇ ਹੁਣ ਭਵਿੱਖ ਵਿੱਚ ਮਿਲ ਕੇ ਸਿਆਸਤ ਕਰਨ ਵੱਲ ਵੱਡਾ ਇਸ਼ਾਰਾ ਕਰ ਰਹੇ ਹਨ।
ਸੁਖਬੀਰ ਦਾ ਮਾਨ ਨੂੰ ਕੀ ਇਸ਼ਾਰਾ
ਸੁਖਬੀਰ ਬਾਦਲ ਨੇ ਸਿਮਰਨਜੀਤ ਸਿੰਘ ਮਾਨ ਨੂੰ ਟਵੀਟ ਕਰਕੇ ਸੰਗਰੂਰ ਲੋਕਸਭਾ ਸੀਟ ਦੀ ਜਿੱਤ ਦੀ ਵਧਾਈ ਦਿੱਤੀ ਅਤੇ ਨਾਲ ਹੀ ਭਵਿੱਖ ਵਿੱਚ ਨਾਲ ਸਿਆਸਤ ਕਰਨ ਦੀ ਪੇਸ਼ਕਸ਼ ਵੀ ਰੱਖ ਦਿੱਤੀ। ਸੁਖਬੀਰ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ‘ਮੈਂ ਆਪਣੇ ਦਿਲ ਤੋਂ ਸਿਮਰਜੀਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਾਰਟੀ ਨੂੰ ਸੰਗਰੂਰ ਵਿੱਚ ਮਿਲੀ ਜਿੱਤ ਦੀ ਵਧਾਈ ਦਿੰਦਾ ਹਾਂ ਅਤੇ ਸ਼ੁੱਭ ਕਾਮਨਾਵਾਂ ਦੇ ਨਾਲ ਸਹਿਯੋਗ ਦੀ ਵੀ ਪੇਸ਼ਕਸ਼ ਕਰਦਾ ਹਾਂ। ਅਸੀਂ ਲੋਕਾਂ ਦੇ ਫਤਵੇ ਦੇ ਸਾਹਮਣੇ ਸਿਰ ਝੁਕਾਉਂਦੇ ਹਾਂ’। ਸੁਖਬੀਰ ਬਾਦਲ ਦੇ ਵਧਾਈ ਸੁਨੇਹੇ ਵਿੱਚ ‘ਸਹਿਯੋਗ’ ਸ਼ਬਦ ਦੇ ਕਈ ਮਾਇਨੇ ਹਨ ਕਿ ਕੀ ਸੁਖਬੀਰ ਵਧਾਈ ਸੁਨੇਹੇ ਦੇ ਜ਼ਰੀਏ ਭਵਿੱਖ ਵਿੱਚ ਪੰਥਕ ਵੋਟ ਬੈਂਕ ‘ਤੇ ਹੋਣ ਵਾਲੀ ਸਿਆਸਤ ਨੂੰ ਲੈਕੇ ਮਾਨ ਨੂੰ ਕੋਈ ਵੱਡਾ ਇਸ਼ਾਰਾ ਕਰ ਰਹੇ ਨੇ ? ਕਿਉਂਕਿ ਮਾਨ ਦੀ ਜਿੱਤ ਪਿੱਛੇ ਸਭ ਤੋਂ ਵੱਡਾ ਫੈਕਟਰ ਪੰਥਕ ਵੋਟ ਹੈ, ਜਿਸ ਨੇ ਮਾਨ ਦੀ ਜਿੱਤ ਨੂੰ 100 ਫੀਸਦੀ ਯਕੀਨੀ ਬਣਾਇਆ ਅਤੇ ਸੁਖਬੀਰ ਬਾਦਲ ਦੀ ਪੰਥਕ ਵੋਟ ਦੀ ਝੋਲੀ ਖਾਲੀ ਕਰ ਦਿੱਤੀ, ਕੀ ਸਿਮਰਨਜੀਤ ਸਿੰਘ ਮਾਨ ਅਤੇ ਸੁਖਬੀਰ ਬਾਦਲ ਇੱਕ ਮੰਚ ‘ਤੇ ਭਵਿੱਖ ਵਿੱਚ ਨਜ਼ਰ ਆਉਣਗੇ ? ਜੇਕਰ ਹਾਂ ਤਾਂ ਉਸ ਦੇ ਪਿੱਛੇ ਕੀ ਸ਼ਰਤਾਂ ਹੋਣਗੀਆਂ ? ਬੰਦੀ ਸਿੰਘਾਂ ਦੀ ਰਿਹਾਈ ਸਮੇਂ ਇੱਕ ਵਾਰ ਕੋਸ਼ਿਸ਼ ਹੋ ਚੁੱਕੀ ਹੈ ਜਦੋਂ ਸੁਖਬੀਰ ਬਾਦਲ ਅਤੇ ਸਿਮਰਨਜੀਤ ਸਿੰਘ ਮਾਨ SGPC ਵੱਲੋਂ ਬੁਲਾਏ ਗਏ ਇਜਲਾਸ ਵਿੱਚ ਇੱਕ ਮੰਚ ‘ਤੇ ਨਜ਼ਰ ਆਏ ਸਨ। ਦੂਜੀ ਵਾਰ ਉਦੋਂ ਜਦੋਂ ਸੰਗਰੂਰ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਪੰਥਕ ਉਮੀਦਵਾਰ ਵਜੋਂ ਰਾਜੋਆਣਾ ਦੀ ਭੈਣ ਦੇ ਹੱਕ ਵਿੱਚ ਹਿਮਾਇਤ ਮੰਗੀ ਸੀ ਪਰ ਸੁਖਬੀਰ ਬਾਦਲ ਨੂੰ ਨਿਰਾਸ਼ਾ ਹੱਥ ਲੱਗੀ ਸੀ, ਹੁਣ ਕੀ ਤੀਜੀ ਵਾਰ ਸੁਖਬੀਰ ਬਾਦਲ ਦੀ ਕੋਸ਼ਿਸ਼ ਰੰਗ ਲਿਆਏਗੀ ?