The Khalas Tv Blog Religion ਪਿਛਲੇ ਪਾਪ ਧੌਣ ਤੋਂ ਬਾਅਦ ਅਗਲੇ ਗੁਨਾਹ ਕਰਨ ਦੇ ਰਾਹ ਪੈ ਗਏ ਅਕਾਲੀ- ਦਲ ਖਾਲਸਾ
Religion

ਪਿਛਲੇ ਪਾਪ ਧੌਣ ਤੋਂ ਬਾਅਦ ਅਗਲੇ ਗੁਨਾਹ ਕਰਨ ਦੇ ਰਾਹ ਪੈ ਗਏ ਅਕਾਲੀ- ਦਲ ਖਾਲਸਾ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਏ ਜਾਣ ’ਤੇ ਕਈ ਧਾਰਮਿਕ ਜਥੇਬੰਦੀਆਂ ਨੇ ਸਵਾਲ ਚੁੱਕੇ ਸਨ। ਦਲ ਖਾਲਸਾ ਜਥੇਬੰਦੀ ਨੇ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ’ਤੇ ਨਿਸ਼ਾਨਾ ਸਾਧਿਆ ਹੈ। ਦਲ਼ ਖਾਲਸਾ ਨੇ ਕਿਹਾ ਕਿ  ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀਆਂ ਨੇ ਇੱਕ ਵਾਰ ਫਿਰ ਸਿੱਖ ਪੰਥ ਨਾਲ ਧੋਖਾ ਕੀਤਾ ਹੈ ਅਤੇ ਅਕਾਲ ਤਖਤ ਦੀ ਸਰਵਉੱਚਤਾ ਅਤੇ ਸ਼ਾਨ ਨੂੰ ਛੁਟਿਆਇਆ ਹੈ।

ਦਲ ਖਾਲਸਾ ਆਗੂਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਜਾਂ ਤਾਂ ਸੁਖਬੀਰ ਪਾਰਟੀ ਪ੍ਰਧਾਨ ਵਜੋਂ ਵਾਪਸੀ ਕਰਨਗੇ ਜਾਂ 1 ਮਾਰਚ ਨੂੰ ਨਵਾਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਾਰਟੀ ਨੂੰ ਬਿਨਾਂ ਕਿਸੇ ਜੁਆਬਦੇਹੀ ਦੇ ਰਿਮੋਟ ਕੰਟਰੋਲ ਰਾਹੀਂ ਚਲਾਉਣਗੇ।

ਜਥੇਬੰਦੀ ਦਾ ਕਹਿਣਾ ਹੈ ਕਿ ਸਵਾਲ ਅਕਾਲੀ ਦਲ ਦੇ ਭਵਿੱਖ ਜਾਂ ਗਿਆਨੀ ਰਘਬੀਰ ਸਿੰਘ ਦੀ ਨਿੱਜੀ ਸ਼ਖ਼ਸੀਅਤ ਦਾ ਨਹੀਂ ਸਗੋਂ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦੀ ਸਰਵਉੱਚਤਾ ਨੂੰ ਬਹਾਲ ਰੱਖਣ ਦਾ ਹੈ ਅਤੇ ਅਜਿਹਾ ਤਖ਼ਤ ਦੀ ਫ਼ਸੀਲ ਤੋਂ 2 ਦਸੰਬਰ ਨੂੰ ਹੋਏ ਫੈਸਲੇ ਨੂੰ ਕਰਾਰੇ ਹੱਥੀਂ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਇੰਨ-ਬਿੰਨ ਲਾਗੂ ਕਰਵਾਉਣ ਨਾਲ ਹੀ ਸੰਭਵ ਹੋ ਸਕੇਗਾ।

ਸਿੱਖ ਆਜਾਦੀ ਪਸੰਦ ਜਥੇਬੰਦੀ ਦੇ ਆਗੂਆਂ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ ਅਤੇ ਰਣਬੀਰ ਸਿੰਘ ਨੇ ਕਿਹਾ ਕਿ ਬਾਦਲ ਦਲ ਵੱਲੋਂ ਮਾਨਤਾ ਰੱਦ ਕਰਨ ਦੀ ਧਮਕੀ ਪਾਰਟੀ ਦੇ ਪੁਨਰਗਠਨ ਵਿੱਚ ਬਾਦਲ ਪਰਿਵਾਰ ਦੇ ਦਬਦਬੇ ਨੂੰ ਯਕੀਨੀ ਬਣਾਉਣ ਅਤੇ ਨਵੇਂ ਢਾਂਚੇ ਵਿੱਚ ਬਾਗੀਆਂ ਨੂੰ ਨੁਮਾਇੰਦਗੀ ਦੇਣ ਤੋਂ ਇਨਕਾਰ ਕਰਨ ਦੀ ਇੱਕ ਸੋਚੀ ਸਮਝੀ ਰਣਨੀਤੀ ਹੈ।

ਸੁਖਬੀਰ ਨੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਆਪਣੇ ਗੁਨਾਹਾਂ ਨੂੰ ਕਬੂਲ ਕੀਤਾ ਜਿਸ ਕਾਰਨ ਉਸਨੂੰ ਆਪਣੇ ਮਰਹੂਮ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੌਰਾਨ ਹੋਏ ਗੁਨਾਹ ਅਤੇ ਗਲਤੀਆਂ ਲਈ ਧਾਰਮਿਕ ਸਜ਼ਾ ਭੁਗਤਣੀ ਪਈ। ਉਹਨਾਂ ਵਿਅੰਗ ਕੱਸਦਿਆਂ ਕਿਹਾ ਕਿ ਉਸਦੀ ਮੁਆਫੀ ਅਤੇ ਪਛਤਾਵਾ ਕਦੇ ਵੀ ਸਵੈ-ਇੱਛਾ ਵਿੱਚੋਂ ਨਹੀਂ ਨਿਕਲਿਆ।

ਸੁਖਬੀਰ ਨੂੰ ਅਕਾਲ ਤਖਤ ਅੱਗੇ ਝੁਕਣ ਅਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਅਕਾਲੀ ਪਾਰਟੀ ਨੇ ਜਥੇਦਾਰਾਂ ਨੂੰ ਭਰਮਾਉਣ ਲਈ ਸਾਰੇ ਦਬਾਅ ਦੇ ਪੈਂਤੜੇ ਵਰਤੇ, ਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਤਖ਼ਤ ਦੇ ਫ਼ੈਸਲੇ ਨੂੰ ਮਨਵਾਉਣ ਲਈ ਪਹਿਰਾ ਦਿੱਤਾ। ਜਿਸ ਕਾਰਨ ਅਕਾਲੀ ਪਾਰਟੀ ਨੇ ਮਜ਼ਬੂਰੀ ਵਿੱਚ ਸੁਖਬੀਰ ਦਾ ਅਸਤੀਫਾ ਪ੍ਰਵਾਨ ਕੀਤਾ ਹੈ। ਇੱਥੋਂ ਤੱਕ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਸਥਾਈ ਮੁਅੱਤਲੀ ਵੀ ਉਹਨਾਂ ਨੂੰ ਦ੍ਰਿਸ਼ ਤੋ ਹਟਾਉਣ ਲਈ ਇੱਕ ਪੈਂਤੜਾ ਸੀ ਕਿਉਂਕਿ ਉਹ ਅਕਾਲੀਆਂ ਨੂੰ ਮਨਮਰਜ਼ੀ ਕਰਨ ਦੇ ਰਾਹ ਵਿੱਚ ਅੜਿੱਕਾ ਬਣੇ ਹੋਏ ਸਨ।

ਕੰਵਰਪਾਲ ਸਿੰਘ ਨੇ ਇਹ ਵੀ ਮਹਿਸੂਸ ਕੀਤਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦਾ ਚਿਹਰਾ ਬਦਲਣ ਨਾਲ ਇਸ ਦੀ ਪੁਨਰ-ਸੁਰਜੀਤੀ ਨਹੀਂ ਹੋਵੇਗੀ। “ਸੁਖਬੀਰ ਅਤੇ ਉਸ ਦੇ ਆਲੇ-ਦੁਆਲੇ ਦੇ ਆਗੂਆਂ ਨੂੰ ਲੋਕਾਂ ਨੇ ਮੁੱਢੋਂ ਨਕਾਰ ਦਿੱਤਾ ਹੈ”।

ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਵਾਲੀ ਸੱਤ ਮੈਂਬਰੀ ਕਮੇਟੀ ਦਾ ਭਵਿੱਖ ਜਥੇਦਾਰ ਦੇ ਬਰਕਰਾਰ ਰਹਿਣ ਦੇ ਦਾਅਵੇ ਦੇ ਬਾਵਜੂਦ ਹਵਾ ਵਿੱਚ ਲਟਕਿਆ ਹੋਇਆ ਹੈ। ਜਥੇਦਾਰ ਦਾ ਅਕਾਲੀ ਲੀਡਰਸ਼ਿਪ ਨੂੰ ਤਖ਼ਤ ਦੇ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਤਾੜਣਾ, ਲਫ਼ਜ਼ਾਂ ਦੇ ਹੇਰ-ਫੇਰ ਵਿੱਚ ਧੁੰਦਲੀ ਤੇ ਫਿੱਕੀ ਨਜ਼ਰ ਆਈ ਹੈ।

ਅਕਾਲੀਆਂ ਵੱਲੋਂ ਆਪਣਾ ‘ਪੰਥਕ ਏਜੰਡਾ ਬਹੁਤ ਸਮਾਂ ਪਹਿਲਾਂ ਛੱਡਣ’ ਦੇ ਬਾਵਜੂਦ ਗੁਰਦੁਆਰਾ ਮਾਮਲਿਆਂ ਵਿੱਚ ਦਾਖ਼ਲ ਦੇਣਾ ਜਾਰੀ ਰੱਖਿਆ ਹੈ ।’’ ਉਨ੍ਹਾਂ ਬਾਦਲਾਂ ’ਤੇ ਮੀਰੀ-ਪੀਰੀ ਦੇ ਸਿੱਖ ਸਿਧਾਂਤ ਨੂੰ ਚੁਣੌਤੀ ਦੇਣ ਦਾ ਦੋਸ਼ ਲਾਇਆ। ਸਿੱਖ ਸਿਆਸਤ ਹਮੇਸ਼ਾ ਧਾਰਮਿਕ ਰਹਿਨੁਮਾਈ ਨਾਲ ਚਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਧਾਰਮਿਕ ਅਸੂਲਾਂ ਅਤੇ ਮਰਿਆਦਾਵਾਂ ਨੂੰ ਤਿਆਗ ਕੇ ਰਾਜਨੀਤੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਥਕ ਪਿੜ ਤੋਂ ਦੂਰ ਹੱਟ ਜਾਣਾ ਚਾਹੀਦਾ ਹੈ।

Exit mobile version