‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਭਗਵੰਤ ਮਾਨ ਅੱਜ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥੇ ਟੇਕਣ ਲਈ ਰਵਾਨਾ ਹੋ ਗਏ ਹਨ। ਪੰਜਾਬ ਵਿੱਚ ਬਹੁਮਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਜਸ਼ਨ ਦਾ ਮਾਹੌਲ ਹੈ। ਇਸ ਮਾਹੌਲ ਵਿੱਚ ਅੱਜ ਅੰਮ੍ਰਿਤਸਰ ਵਿੱਚ ‘ਆਪ’ ਦੀ ਜਿੱਤ ਦਾ ਜਲੂਸ ਕੱਢਿਆ ਜਾਵੇਗਾ। ਲੋਕ ਆਪ ਦੀ ਜਿੱਤ ‘ਤੇ ਖੁਸ਼ੀ ‘ਚ ਭੰਗੜੇ ਪਾ ਰਹੇ ਹਨ। ਇਸੇ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਦਾ ਅਸ਼ੀਰਵਾ ਲੈਣ ਜਾ ਰਹੇ ਹਾਂ।
ਉਨ੍ਹਾਂ ਨੇ ਕਿਹਾ ਕਿ ਉਥੇ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪਹੁੰਚਣਗੇ। ਪੰਜਾਬ ਦੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਤੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਉਨ੍ਹਾਂ ਨੇ ਮੇਰੇ ‘ਤੇ ਅਤੇ ਪਾਰਟੀ ‘ਤੇ ਜੋ ਯਕੀਨ ਕੀਤਾ ਹੈ ਅਸੀਂ ਉਸ ਨੂੰ ਪੂਰਾ ਕਰਾਂਗੇ।’ ਦੱਸ ਦਈਏ ਕਿ ਕੱਲ੍ਹ ਭਗਵੰਤ ਮਾਨ ਚੰਡੀਗੜ੍ਹ ਦੇ ਰਾਜ ਭਵਨ ਪਹੁੰਚੇ ਅਤੇ ਰਾਜਪਾਲ ਬਨਵਾਰੀ ਲਾਲ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਹੋਵੇਗਾ।