ਦਿਲਜੀਤ ਦੋਸਾਂਝ ਦਾ ਕੰਸਰਟ ਇਨ੍ਹੀਂ ਦਿਨੀਂ ਵਿਵਾਦਾਂ ਕਾਰਨ ਸੁਰਖ਼ੀਆਂ ‘ਚ ਬਣਿਆ ਹੋਇਆ ਹੈ। ਤੇਲੰਗਾਨਾ, ਚੰਡੀਗੜ੍ਹ ਮਗਰੋਂ ਹੁਣ ਮਹਾਰਾਸ਼ਟਰ ਬਾਲ ਅਧਿਕਾਰ ਕਮਿਸ਼ਨ ਨੇ ਦਿਲਜੀਤ ਦੋਸਾਂਝ ਨੂੰ ਨੋਟਿਸ ਜਾਰੀ ਕੀਤਾ ਹੈ।
ਮਹਾਰਾਸ਼ਟਰ ਬਾਲ ਅਧਿਕਾਰ ਕਮਿਸ਼ਨ ਨੇ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨੂੰ ਕਿਸੇ ਵੀ ਰੂਪ ਵਿਚ ਸਟੇਜ ‘ਤੇ ਬੱਚਿਆਂ ਨੂੰ ਨਾ ਬੁਲਾਉਣ ਲਈ ਨੋਟਿਸ ਜਾਰੀ ਕੀਤਾ ਹੈ।
ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਏ ਜਾਣ। ਨੋਟਿਸ ਵਿਚ 22.7.2019 ਦੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਇਹ ਨੋਟਿਸ ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ਤੋਂ ਬਾਅਦ ਦਿਲਜੀਤ ਦੋਸਾਂਝ ਨੂੰ ਭੇਜਿਆ ਗਿਆ ਹੈ। ਇੱਕ ਦਿਨ ਪਹਿਲਾਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਮੁੰਬਈ ਨੇ ਵੀ ਸ਼ਰਾਬ ਅਤੇ ਗੁਟਕੇ ਦਾ ਪ੍ਰਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਦਿਲਜੀਤ ਦੋਸਾਂਝ ਦੇ ਲਾਈਵ ਸਟੇਜ ‘ਤੇ ਨਾ ਚੜ੍ਹਨ ਦੇਣ ਲਈ ਨੋਟਿਸ ਜਾਰੀ ਕੀਤਾ ਸੀ।