The Khalas Tv Blog Punjab ਸੁਖਬੀਰ ਮਗਰੋਂ SGPC ਪ੍ਰਧਾਨ ਨੂੰ ਵੀ ਧਾਰਮਿਕ ਸਜ਼ਾ ਦਾ ਐਲਾਨ
Punjab Religion

ਸੁਖਬੀਰ ਮਗਰੋਂ SGPC ਪ੍ਰਧਾਨ ਨੂੰ ਵੀ ਧਾਰਮਿਕ ਸਜ਼ਾ ਦਾ ਐਲਾਨ

ਅੰਮ੍ਰਿਤਸਰ : ਸੁਖਬੀਰ ਬਾਦਲ ਤੋਂ ਬਾਅਦ ਹੁਣ SGPC ਪ੍ਰਧਾਨ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਸਨਮੁੱਖ ਪੇਸ਼ ਹੋਏ। ਇਸੇ ਦੌਰਾਨ ਪੰਜ ਪਿਆਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਧਾਰਮਿਕ ਸਜ਼ਾ ਲਗਾਈ ਹੈ।

ਪੰਜ ਪਿਆਰਿਆਂ ਨੇ ਧਾਮੀ ਨੂੰ ਇੱਕ ਘੰਟਾ ਜੂਠੇ ਭਾਂਡੇ ਅਤੇ ਜੋੜੇ ਸਾਫ਼ ਕਰਨ ਦੀ ਸਜ਼ਾ ਲਗਾਈ ਹੈ। ਇਸੇ ਨਾਲ ਹੀ ਧਾਮੀ ਸੇਵਾ ਦੌਰਾਨ ਜਪੁਜੀ ਸਾਹਿਬ ਦਾ ਪਾਠ ਵੀ ਕਰਨਗੇ।

ਇਸ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ, ਪਰ ਜਾਣਕਾਰੀ ਅਨੁਸਾਰ ਉਹ ਪਿਛਲੇ ਦਿਨੀਂ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਬਾਰੇ ਬੋਲੇ ਗਏ ਅਪਸ਼ਬਦਾਂ ਸੰਬੰਧੀ ਪੰਜ ਪਿਆਰੇ ਸਾਹਿਬਾਨ ਅੱਗੇ ਪੇਸ਼ ਹੋਣ ਆਏ ਸਨ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਆਪਣੇ ਵਲੋਂ ਬੀਬੀ ਜਗੀਰ ਕੌਰ ਪ੍ਰਤੀ ਜਾਣੇ ਅਣਜਾਣੇ ਬੋਲੇ ਗਏ ਅਪਸ਼ਬਦਾਂ ਸੰਬੰਧੀ ਖਿਮਾ ਯਾਚਨਾ ਵੀ ਮੰਗੀ ਸੀ।

ਜਾਣੋ ਸਾਰਾ ਮਾਮਲਾ

ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਿਅਕਤੀ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਗਾਲ੍ਹਾਂ ਕੱਢੀਆਂ ਸਨ। ਫ਼ੋਨ ਸੁਣਨ ਵਾਲੇ ਵਿਅਕਤੀ ਨੇ ਧਾਮੀ ਦੀ ਰਿਕਾਰਡ ਕੀਤੀ ਤੇ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ।

ਇਸ ਤੋਂ ਬਾਅਦ ਧਾਮੀ ਦਾ ਸੋਸ਼ਲ ਮੀਡੀਆ ‘ਤੇ ਭਾਰੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਅਤੇ ਉਹ ਮੁਆਫੀ ਮੰਗਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਏ। ਇਸ ਮੌਕੇ ਧਾਮੀ ਨੇ ਕਿਹਾ ਕਿ ਉਨ੍ਹਾਂ ਨੇ ਜਾਣੇ-ਅਣਜਾਣੇ ਵਿੱਚ ਬੀਬੀ ਜਗੀਰ ਕੌਰ ਨੂੰ ਅਪਮਾਨਜਨਕ ਸ਼ਬਦ ਬੋਲੇ ​​ਹਨ, ਇਸ ਲਈ ਉਹ ਸਿੱਖ ਪੰਥ ਤੋਂ ਮੁਆਫੀ ਮੰਗਦੇ ਹਨ। ਇਸ ਗੁਨਾਹ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਨੂੰ ਜੋ ਵੀ ਸਜ਼ਾ ਦਿੱਤੀ ਜਾਵੇਗੀ, ਉਹ ਪ੍ਰਵਾਨ ਕਰੇਗਾ।

ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਪੰਜਾਬ ਵੱਲੋਂ ਸੂਮੋਟੋ ਨੋਟਿਸ ਲਿਆ ਗਿਆ ਸੀ। ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਤਬਲ ਕੀਤਾ ਸੀ।

Exit mobile version