ਪਟਿਆਲਾ : ਸੂਬੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਇਸੇ ਦੌਰਾਨ ਕਿਸਾਨ ਭਾਜਪਾ ਉਮੀਦਵਾਰਾਂ ਦਾ ਪੰਜਾਬ ਵਿਚ ਵਿਰੋਧ ਕਰਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਗਾਇਕ ਹੰਸ ਰਾਜ ਹੰਸ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਬੀਜੇਪੀ ਉਮੀਦਵਾਰ ਪਰਨੀਤ ਕੌਰ( Parneet Kaur) ਦਾ ਕਿਸਾਨ ਜਥੇਬੰਦੀਆਂ(Farmers organizations) ਵੱਲੋਂ ਉਸ ਵੇਲੇ ਵਿਰੋਧ ਕੀਤਾ ਗਿਆ ਜਦੋਂ ਉਹ ਸਮਾਣਾ ਵਿਖੇ ਹੋ ਰਹੇ ਭਾਜਪਾ ਦੇ ਸਮਾਗਮ ’ਚ ਸ਼ਾਮਲ ਹੋਣ ਆਏ ਸਨ।
ਜ਼ਿਕਰਯੋਗ ਹੈ ਕਿ ਮਹਾਰਾਣੀ ਪਨੀਤ ਕੌਰ ਨੇ ਹਾਲ ਹੀ ਵਿਚ ਭਾਜਪਾ ਪਾਰਟੀ ਜੁਆਇਨ ਕੀਤੀ ਹੈ, ਜਿਸ ਮਗਰੋਂ ਪਾਰਟੀ ਨੇ ਉਨ੍ਹਾਂ ਨੂੰ ਪਟਿਆਲਾ ਸੀਟ ਤੋਂ ਟਿਕਟ ਦਿੱਤੀ ਹੈ, ਜਦਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਕਾਫੀ ਪਹਿਲਾਂ ਤੋਂ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ।
ਇਸ ਦੌਰਾਨ ਵੱਡੀ ਗਿਣਤੀ ’ਚ ਤਾਇਨਾਤ ਪੁਲਿਸ ਫੋਰਸ ਵੱਲੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਮਗਰੋਂ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਯੂਨਾਈਟਿਡ ਕਿਸਾਨ ਮੋਰਚਾ ਨੇ ਹਾਈਵੇਅ ’ਤੇ ਧਰਨਾ ਦਿੱਤਾ। ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ਨਜ਼ਰਬੰਦ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਪੁਲਿਸ ਪ੍ਰਸ਼ਾਸਨ ਨਾਲ ਹੋਈ ਲੰਬੀ ਗੱਲਬਾਤ ਤੋਂ ਬਾਅਦ ਪੁਲਿਸ ਨੂੰ ਗ੍ਰਿਫਤਾਰ ਕੀਤੇ ਕਿਸਾਨ ਆਖਰ ਰਿਹਾਅ ਕਰਨੇ ਪਏ। ਕਿਸਾਨਾਂ ਦੇ ਗ੍ਰਿਫਤਾਰ ਕਰਨ ਦੀ ਖਬਰ ਫੈਲਣ ’ਤੇ ਪਿੰਡਾਂ ‘ਚੋਂ ਕਿਸਾਨਾਂ ਨੇ ਸਮਾਣਾ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ।
ਉਥੇ ਹੀ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਕਈ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ। ਦੋ ਦਿਨ ਪਹਿਲਾਂ ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਘੇਰ ਲਿਆ ਉਥੇ ਹੀ ਬੀਤੇ ਦਿਨ ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਬੱਬੂ ਦਾ ਘਿਰਾਓ ਕੀਤਾ ਗਿਆ।
ਹੰਸ ਰਾਜ ਹੰਸ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹ ਜਲਦੀ ਹੀ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਕਿਸਾਨ ਆਪਣੀਆਂ ਮੰਗਾਂ ਸਬੰਧੀ ਆਵਾਜ਼ ਉਠਾ ਰਹੇ ਹਨ ਪਰ ਉਨ੍ਹਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਿਚਾਰ ਪ੍ਰਗਟ ਕਰਨ ਪਰ ਹਿੰਸਕ ਨਾ ਹੋਣ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਪ੍ਰਗਟ ਕਰੋ ਪਰ ਪਿਆਰ ਦਾ ਪੱਲਾ ਨਾ ਛੱਡੋ।