ਚੰਡੀਗੜ੍ਹ : ਹਰਿਆਣਾ ਹੁਣ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਮ ਬਦਲਣਾ ਚਾਹੁੰਦਾ ਹੈ। ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਨੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਨੇ ਰੇਲਵੇ ਸਟੇਸ਼ਨ ਦਾ ਨਾਮ ਚੰਡੀਗੜ੍ਹ ਪੰਚਕੂਲਾ ਰੱਖੇ ਜਾਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਨੇ ਪੰਚਕੂਲਾ ਦੇ ਯਾਤਰੀਆਂ ਨੂੰ ਵੀ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਤਰ੍ਹਾਂ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ।
ਗੁਪਤਾ ਨੇ ਦੱਸਿਆ ਕਿ ਇਸ ਰੇਲਵੇ ਸਟੇਸ਼ਨ ਦਾ ਨਾਮ ਚੰਡੀਗੜ੍ਹ ਪੰਚਕੂਲਾ ਰੇਲਵੇ ਸਟੇਸ਼ਨ ਹੋਣ ਨਾਲ ਪੰਚਕੂਲਾ ਆਉਣ ਵਾਲੇ ਯਾਤਰੀਆਂ ਨੂੰ ਵਿਸ਼ੇਸ਼ ਲਾਭ ਹੋਵੇਗਾ। ਹਰਿਆਣਾ ਵਿਧਾਨ ਸਭਾ ਸਪੀਕਰ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਵੀ ਇਸ ਬਾਰੇ ਗੱਲ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਸ ਸਬੰਧੀ ਸੂਬਾ ਸਰਕਾਰ ਵੱਲੋਂ ਇੱਕ ਪ੍ਰਸਤਾਵ ਤਿਆਰ ਕਰਕੇ ਭੇਜਿਆ ਜਾਵੇ।
ਇਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਮ ਚੰਡੀਗੜ੍ਹ-ਪੰਚਕੂਲਾ ਰੇਲਵੇ ਸਟੇਸ਼ਨ ਰੱਖਣ ਦੇ ਲਈ ਰੇਲ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਹੈ।
ਗੁਪਤਾ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ ਉੱਤੇ ਪੰਚਕੂਲਾ ਵੱਲੋਂ 24 ਘੰਟੇ ਰਿਜ਼ਰਵੇਸ਼ਨ ਕਾਊਂਟਰ ਬਣਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਚਕੂਲਾ ਵੱਲੋਂ ਵੇਟਿੰਗ ਲਾਊਂਜ, ਪਾਰਕਿੰਗ ਅਤੇ ਹੋਰ ਸਹੂਲਤਾਂ ਉਪਲੱਬਧ ਹੋਣੀਆਂ ਚਾਹੀਦੀਆਂ ਹਨ, ਜੋ ਚੰਡੀਗੜ੍ਹ ਵੱਲੋਂ ਯਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਪੰਚਕੂਲਾ ਦੇ ਲੋਕਾਂ ਨੂੰ ਬਿਹਤਰ ਕੁਨੈਕਟੀਵਿਟੀ ਪ੍ਰਦਾਨ ਕਰਨ ਦੇ ਲਈ ਰੇਲਵੇ ਲਾਈਨ ਦੇ ਥੱਲੇ ਅੰਡਰਪਾਸ ਬਣਾਇਆ ਜਾਵੇਗਾ।