The Khalas Tv Blog Punjab ਅੰਮ੍ਰਿਤਪਾਲ ਸਿੰਘ ਦੇ ਬਿਆਨ ਤੋਂ ਬਾਅਦ ਮਾਤਾ ਬਲਵਿੰਦਰ ਕੌਰ ਨੇ ਦਿੱਤੀ ਸਫਾਈ..
Punjab

ਅੰਮ੍ਰਿਤਪਾਲ ਸਿੰਘ ਦੇ ਬਿਆਨ ਤੋਂ ਬਾਅਦ ਮਾਤਾ ਬਲਵਿੰਦਰ ਕੌਰ ਨੇ ਦਿੱਤੀ ਸਫਾਈ..

ਮੁਹਾਲੀ : ਲੰਘੇ ਕੱਲ੍ਹ  ਦੀ ਮਾਤਾ ਬਲਵਿੰਦਰ ਕੌਰ ਦਾ ਇਕ ਬਿਆਨ ਵਾਇਰਲ ਹੋਇਆ ਸੀ। ਪੱਤਰਕਾਰ ਦੇ ਸਵਾਲ ਉਤੇ ਉਨ੍ਹਾਂ ਕਿਹਾ ਕਿ ਕੋਈ ਕੁਝ ਵੀ ਕਹੀ ਜਾਵੇ ਅੰਮ੍ਰਿਤਪਾਲ ਕੋਈ ਖਾਲਿਸਤਾਨੀ ਨਹੀਂ ਹੈ। ਉਨ੍ਹਾਂ ਦੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਕਾਰਨ ਸਮਰਥਕ ਕਾਫੀ ਖੁਸ਼ ਹਨ। ਮੈਂ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਉਸ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇ।

ਜਿਸ ਤੋਂ ਬਾਅਦ ਅੰਮ੍ਰਿਤਪਾਲ ਨੇ ਇਸ ਬਿਆਨ ਉਤੇ ਸਖਤ ਇਤਰਾਜ਼ ਜਤਾਇਆ ਸੀ। ਮਾਂ ਦੇ ਇਸ ਬਿਆਨ ਉਤੇ ਅੰਮ੍ਰਿਤਪਾਲ ਦੀ ਸਫਾਈ ਸਾਹਮਣੇ ਆਈ ਸੀ। ਉਨ੍ਹਾਂ ਦੀ ਟੀਮ ਵੱਲੋਂ ਟਵੀਟ ਕਰਦਿਆਂ ਕਿਹਾ “ਕੱਲ੍ਹ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ। ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ,ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ, ਉਸ ਵੱਲੋਂ ਨਹੀਂ ਆਉਣਾ ਚਾਹੀਦਾ”।

ਇਸ ਬਿਆਨ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਮਾਤਾ ਵੱਲੋਂ ਸਫਾਈ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ‘ਮੈਂ ਕਿਹਾ ਕਿ ਸੀ ਕਿ ਅੰਮ੍ਰਿਤਪਾਲ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਅਤੇ ਬਾਕੀ ਬਿਆਨ ਅੰਮ੍ਰਿਤਪਾਲ ਜੇਲ੍ਹ ਤੋਂ ਬਾਹਰ ਆ ਕੇ ਖੁਦ ਦੇਵਗਾ ਜਿਸ ਨੂੰ ਮੀਡੀਆ ਵੱਲੋਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਮਾਤਾ ਵੱਲੋਂ  ਦਿੱਤੇ ਗਏ ਬਿਆਨ ‘ਤੇ ਅੰਮ੍ਰਿਤਪਾਲ ਨੇ ਕਿਹਾ ਸੀ ਕਿ ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ।

ਰਾਜ ਬਿਨਾ ਨਹਿ ਧਰਮ ਚਲੈ ਹੈਂ॥

ਧਰਮ ਬਿਨਾ ਸਭ ਦਲੈ ਮਲੈ ਹੈਂ॥

ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ॥

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥

ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ॥ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ,ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ॥

ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ ।ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ,ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ।

ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ।

ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਢੁਕਵਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਂ ਨਹੀਂ ॥ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖਤ ਹੈ ,ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ।

ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ।

Exit mobile version