ਚੰਡੀਗੜ੍ਹ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (‘ਆਪ’) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿੱਚ ਦੋਵਾਂ ਨੇਤਾਵਾਂ ਨੇ ਹਾਲ ਹੀ ਵਿੱਚ ਹੋਈਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ‘ਆਪ’ ਦੀ ਵੱਡੀ ਜਿੱਤ ‘ਤੇ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਦੋ ਲੋਕਾਂ ਦਾ ਧੰਨਵਾਦ ਕੀਤਾ। ਕੇਜਰੀਵਾਲ ਨੇ ਵਿਰੋਧੀ ਧਿਰਾਂ ਵੱਲੋਂ ਲਗਾਏ ਧਾਂਦਲੀ ਅਤੇ ਸੱਤਾ ਦੀ ਦੁਰਵਰਤੋਂ ਦੇ ਇਲਜ਼ਾਮਾਂ ਦਾ ਜ਼ੋਰਦਾਰ ਜਵਾਬ ਦਿੱਤਾ।
ਕੇਜਰੀਵਾਲ ਨੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕੁੱਲ 580 ਸੀਟਾਂ 100 ਵੋਟਾਂ ਤੋਂ ਘੱਟ ਮਾਰਜਨ ਨਾਲ ਜਿੱਤੀਆਂ ਗਈਆਂ, ਜਿਨ੍ਹਾਂ ਵਿੱਚੋਂ 261 ਸੀਟਾਂ ‘ਆਪ’ ਨੇ ਅਤੇ 39 ਸੀਟਾਂ ਵਿਰੋਧੀਆਂ ਨੇ ਹਾਸਲ ਕੀਤੀਆਂ। ਉਨ੍ਹਾਂ ਨੇ ਤਰਕ ਦਿੱਤਾ ਕਿ ਜੇਕਰ ਪ੍ਰਸ਼ਾਸਨ ਜਾਂ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ ਹੁੰਦੀ ਤਾਂ ਇਹ 39 ਸੀਟਾਂ ਵੀ ‘ਆਪ’ ਜਿੱਤ ਲੈਂਦੀ।
ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਹ ਜਿੱਤ ਪਾਰਟੀ ਦੇ ਕੰਮਾਂ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਦਾ ਨਤੀਜਾ ਹੈ, ਜਿਸ ਕਾਰਨ ਲੋਕ ‘ਆਪ’ ਵੱਲ ਮੁੜੇ ਹਨ।ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕੇਜਰੀਵਾਲ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੌਰਾਨ ਇੱਕ ਪਾਰਟੀ ਦੇ ਲੀਡਰ ਆਪਣੀ ਗੱਡੀ ਵਿੱਚ ਨਸ਼ਾ ਵੇਚਦੇ ਸਨ, ਜਦਕਿ ਦੂਜੀ ਪਾਰਟੀ ਦੇ ਵੱਡੇ ਲੀਡਰ ਨੇ ਗੁਟਕਾ ਸਾਹਿਬ ਅੱਗੇ ਸੌਂਹ ਖਾ ਕੇ ਨਸ਼ੇ ਖਤਮ ਕਰਨ ਦਾ ਵਾਅਦਾ ਕੀਤਾ ਪਰ ਝੂਠ ਬੋਲਿਆ। ਇਸ ਕਾਰਨ ਲੋਕਾਂ ਨੇ ‘ਆਪ’ ਨੂੰ ਮੌਕਾ ਦਿੱਤਾ ਅਤੇ ਪਾਰਟੀ ਲੋਕਾਂ ਦੇ ਹੱਕ ਵਿੱਚ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਐਲਾਨ ਕੀਤਾ ਕਿ ਅਗਲੇ ਮਹੀਨੇ ਤੋਂ ਮੁਫ਼ਤ ਇਲਾਜ ਲਈ ਕਾਰਡ ਬਣਨੇ ਸ਼ੁਰੂ ਹੋ ਜਾਣਗੇ।ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਰੋਧੀਆਂ ਨੂੰ ਜਵਾਬ ਦਿੱਤਾ। ਉਨ੍ਹਾਂ ਨੇ ਆਪਣੇ ਹਲਕੇ ਧੂਰੀ ਨੇੜੇ ਧੂਰਾ ਜ਼ੋਨ ਦੀ ਉਦਾਹਰਣ ਦਿੱਤੀ, ਜਿੱਥੇ ਕਾਂਗਰਸ ਨੇ ਮਹਿਜ਼ ਕੁਝ ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਧੱਕੇਸ਼ਾਹੀ ਹੁੰਦੀ ਤਾਂ ਉੱਥੇ ਵੀ ‘ਆਪ’ ਜਿੱਤ ਜਾਂਦੀ।
ਅਕਾਲੀ ਦਲ ‘ਤੇ ਤੰਜ ਕੱਸਦਿਆਂ ਮਾਨ ਨੇ ਕਿਹਾ ਕਿ ਅਕਾਲੀ ਕਿਤੇ ਵੀ ਪੂਰਨ ਬਹੁਮਤ ਨਾਲ ਨਹੀਂ ਜਿੱਤੇ, ਸਗੋਂ ਪੈੱਚਵਰਕ ਵਿੱਚ ਜਿੱਤਾਂ ਹਾਸਲ ਕੀਤੀਆਂ। ਹੁਣ ਉਹ ਆਪਣੇ ਆਪ ਨੂੰ ਡਾਇਨਾਸੋਰਾਂ ਨਾਲ ਤੁਲਨਾ ਕਰ ਰਹੇ ਹਨ, ਪਰ ਇਹ ਗਲਤ ਫਹਿਮੀ ਹੈ – ਉਹ ਡਾਇਨਾਸੋਰਾਂ ਨਾਲ ਹੀ ਰਹਿਣ।
ਕਾਂਗਰਸ ਬਾਰੇ ਮਾਨ ਨੇ ਕਿਹਾ ਕਿ ਜਿੱਥੇ ਉਹ ਜਿੱਤੇ ਉੱਥੇ ਸਭ ਠੀਕ ਸੀ, ਪਰ ਜਿੱਥੇ ਹਾਰੇ ਉੱਥੇ ਧਾਂਦਲੀ ਦੇ ਇਲਜ਼ਾਮ ਲਗਾਉਂਦੇ ਹਨ। ਇਹ ਹਾਰ ਨੂੰ ਡਾਈਵਰਟ ਕਰਨ ਦਾ ਤਰੀਕਾ ਹੈ। ਮਾਨ ਨੇ ਆਪਣੀ ਸਿਆਸੀ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਗਰੂਰ ਤੋਂ ਪਹਿਲਾਂ ਮੌਕਾ ਮੰਗਿਆ ਸੀ, ਫਿਰ ਰਿਪੋਰਟ ਕਾਰਡ ਲੈ ਕੇ ਵੋਟਾਂ ਮੰਗੀਆਂ ਅਤੇ ਲੋਕਾਂ ਨੇ ਵਿਸ਼ਵਾਸ ਜਤਾਇਆ। ਵਿਰੋਧੀਆਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਦਿਮਾਗ ਵਿੱਚੋਂ ਇਹ ਗੱਲ ਕੱਢ ਦੇਣੀ ਚਾਹੀਦੀ ਹੈ ਕਿ ਵਿਕਾਸ ਦੇ ਮੁੱਦਿਆਂ ‘ਤੇ ਵੋਟਾਂ ਨਹੀਂ ਪੈਂਦੀਆਂ – ‘ਆਪ’ ਨੇ ਤਾਂ ਵਿਕਾਸ ਦੇ ਨਾਂ ‘ਤੇ ਹੀ ਦਿੱਲੀ ਜਿੱਤੀ ਹੈ।

