The Khalas Tv Blog Punjab 40 ਹਜ਼ਾਰ ਸਫ਼ਿਆਂ ਦੇ ਚਾਲਾਨ ਤੋਂ ਬਾਅਦ ਮਜੀਠੀਆ ਨਾਲ ਪੁੱਛਗਿੱਛ, ਨਾਭਾ ਜੇਲ੍ਹ ਪਹੁੰਚੀ ਵਿਜੀਲੈਂਸ ਟੀਮ
Punjab

40 ਹਜ਼ਾਰ ਸਫ਼ਿਆਂ ਦੇ ਚਾਲਾਨ ਤੋਂ ਬਾਅਦ ਮਜੀਠੀਆ ਨਾਲ ਪੁੱਛਗਿੱਛ, ਨਾਭਾ ਜੇਲ੍ਹ ਪਹੁੰਚੀ ਵਿਜੀਲੈਂਸ ਟੀਮ

ਬਿਊਰੋ ਰਿਪੋਰਟ: ਅਕਾਲੀ ਨੇਤਾ ਬਿਕਰਮ ਮਜੀਠੀਆ ਵਿਰੁੱਧ ਅਦਾਲਤ ਵਿੱਚ ਚਾਲਾਨ ਪੇਸ਼ ਹੋਣ ਤੋਂ ਬਾਅਦ ਵੀ ਪੁੱਛਗਿੱਛ ਜਾਰੀ ਹੈ। ਅੱਜ (ਸੋਮਵਾਰ) ਵਿਜੀਲੈਂਸ ਬਿਊਰੋ ਅਤੇ ਪੰਜਾਬ ਪੁਲਿਸ ਦੀ ਟੀਮ ਨਵੀਂ ਨਭਾ ਜੇਲ੍ਹ ਪਹੁੰਚੀ, ਜਿੱਥੇ ਲਗਭਗ 2 ਘੰਟਿਆਂ ਤੱਕ ਬਿਕਰਮ ਮਜੀਠੀਆ ਨਾਲ ਪੁੱਛਗਿੱਛ ਕੀਤੀ ਗਈ। ਹਾਲਾਂਕਿ ਪੁੱਛਗਿੱਛ ਤੋਂ ਬਾਅਦ ਪੁਲਿਸ ਅਤੇ ਵਿਜੀਲੈਂਸ ਟੀਮ ਨੇ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। 

ਇਸ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਵੱਲੋਂ ਵਾਧੂ ਚਾਰਜਸ਼ੀਟ ਵੀ ਪੇਸ਼ ਕੀਤੀ ਜਾ ਸਕਦੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਪੁੱਛਗਿੱਛ ਵੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹੀ ਕੀਤੀ ਗਈ ਹੈ।

ਯਾਦ ਰਹੇ ਕਿ ਦੋ ਦਿਨ ਪਹਿਲਾਂ ਹੀ ਬਿਕਰਮ ਮਜੀਠੀਆ ਵਿਰੁੱਧ ਪੰਜਾਬ ਸਰਕਾਰ ਵੱਲੋਂ 40 ਹਜ਼ਾਰ ਸਫ਼ਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕੀਤੀ ਗਈ ਸੀ। ਇਸ ਚਾਰਜਸ਼ੀਟ ਨੂੰ ਅਦਾਲਤ ਵਿੱਚ ਪਹੁੰਚਾਉਣ ਲਈ 4 ਟਰੱਕ ਵਰਤੇ ਗਏ।

ਖ਼ਾਸ ਗੱਲ ਇਹ ਹੈ ਕਿ ਇਸ ਚਾਰਜਸ਼ੀਟ ਵਿੱਚ 200 ਗਵਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਵਿਵਾਦਿਤ ਜਾਇਦਾਦ, ਜਿਸ ਦੀ ਕੀਮਤ ਪਹਿਲਾਂ 540 ਕਰੋੜ ਦੱਸੀ ਜਾ ਰਹੀ ਸੀ, ਹੁਣ 700 ਕਰੋੜ ਦੀ ਦੱਸੀ ਗਈ ਹੈ।

 

Exit mobile version