‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਸਿੱਖਾਂ ਅਤੇ ਹਿੰਦੂਆਂ ਦੇ ਮੁੜ ਵਸੇਬੇ ਲਈ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਨੇ ਜ਼ਿੰਮੇਵਾਰੀ ਲੈ ਲਈ ਹੈ। ਉਹ ਅਫ਼ਗਾਨਿਸਤਾਨ ਤੋਂ ਪਰਿਵਾਰਾਂ ਸਮੇਤ ਆਏ ਲੋਕਾਂ ਦੇ ਪੰਜਾਬ ਵਿੱਚ ਮੁੜ ਵਸੇਬੇ ਲਈ ਯਤਨ ਕਰਨਗੇ। ਅਫ਼ਗਾਨਿਸਤਾਨ ਤੋਂ ਅੱਜ 168 ਯਾਤਰੀਆਂ ਨਾਲ ਭਰਿਆ ਭਾਰਤੀ ਹਵਾਈ ਸੈਨਾ ਦਾ ਜਹਾਜ਼ ਦਿੱਲੀ ਪਹੁੰਚਿਆ ਹੈ। ਦੋ ਸਿੱਖ ਐੱਮਪੀ ਅਨਾਰਕਲੀ ਕੌਰ ਅਤੇ ਨਰਿੰਦਰ ਸਿੰਘ ਖ਼ਾਲਸਾ ਵੀ ਅੱਜ ਬਾਰਤ ਪਹੁੰਚੇ ਪਰ ਹਾਲੇ ਵੀ ਕੁੱਝ ਸਿੱਖ-ਹਿੰਦੂ ਅਫ਼ਗਾਨਿਸਤਾਨ ‘ਚ ਫ਼ਸੇ ਹੋਏ ਹਨ। ਜਹਾਜ਼ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਪਹੁੰਚਿਆ। ਇਨ੍ਹਾਂ ਵਿੱਚੋਂ 107 ਭਾਰਤ ਦੇ ਨਾਗਰਿਕ ਹਨ। ਏਅਰਬੇਸ ‘ਤੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਭਾਰਤ ਦੀ ਧਰਤੀ ‘ਤੇ ਉਤਰਨ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਸਤਾਏ ਹੋਏ ਲੋਕਾਂ ਦਾ ਦਰਦ ਫੁੱਟ ਪਿਆ ਅਤੇ ਉਨ੍ਹਾਂ ਨੇ ਭਿੱਜੀਆਂ ਅੱਖਾਂ ਦੇ ਨਾਲ ਆਪਣੀਆਂ ਦਰਦ ਭਰੀਆਂ ਕਹਾਣੀਆਂ ਸੁਣਾਈਆਂ। ਅਫ਼ਗਾਨਿਸਤਾਨ ਵਿੱਚ ਜੋ ਲੋਕ ਭਾਰਤ ਆਏ ਹਨ, ਉਨ੍ਹਾਂ ਦੀਆਂ ਅੱਖਾਂ ਵਿੱਚ ਆਪਣਾ ਮੁਲਕ ਅਤੇ ਘਰ-ਬਾਰ ਛੱਡਣ ਦਾ ਦਰਦ ਸਾਫ਼ ਝਲਕ ਰਿਹਾ ਸੀ। ਬੇਸ਼ੱਕ ਉਨ੍ਹਾਂ ਲਈ ਹੌਲੀ-ਹੌਲੀ ਭਾਰਤ ਵਿੱਚ, ਪੰਜਾਬ ਵਿੱਚ ਮੁੜ ਵਸੇਬਾ ਕੀਤਾ ਜਾਵੇਗਾ ਪਰ ਅਫ਼ਗਾਨਿਸਤਾਨ ਛੱਡਣ ਦੀ ਇੱਕ ਚੀਸ ਹਮੇਸ਼ਾ ਉਨ੍ਹਾਂ ਨੂੰ ਦਰਦ ਦਿੰਦੀ ਰਹੇਗੀ।