‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਅਫ਼ਗਾਨਿਸਤਾਨ ਤੋਂ ਅੱਜ 168 ਯਾਤਰੀਆਂ ਨਾਲ ਭਰਿਆ ਭਾਰਤੀ ਹਵਾਈ ਸੈਨਾ ਦਾ ਜਹਾਜ਼ ਦਿੱਲੀ ਪਹੁੰਚਿਆ ਹੈ। ਦੋ ਸਿੱਖ ਐੱਮਪੀ ਅਨਾਰਕਲੀ ਕੌਰ ਅਤੇ ਨਰਿੰਦਰ ਸਿੰਘ ਖ਼ਾਲਸਾ ਵੀ ਅੱਜ ਬਾਰਤ ਪਹੁੰਚੇ ਪਰ ਹਾਲੇ ਵੀ ਕੁੱਝ ਸਿੱਖ-ਹਿੰਦੂ ਅਫ਼ਗਾਨਿਸਤਾਨ ‘ਚ ਫ਼ਸੇ ਹੋਏ ਹਨ। ਜਹਾਜ਼ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਪਹੁੰਚਿਆ। ਇਨ੍ਹਾਂ ਵਿੱਚੋਂ 107 ਭਾਰਤ ਦੇ ਨਾਗਰਿਕ ਹਨ। ਏਅਰਬੇਸ ‘ਤੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਭਾਰਤ ਦੀ ਧਰਤੀ ‘ਤੇ ਉਤਰਨ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਸਤਾਏ ਹੋਏ ਲੋਕਾਂ ਦਾ ਦਰਦ ਫੁੱਟ ਪਿਆ ਅਤੇ ਉਨ੍ਹਾਂ ਨੇ ਭਿੱਜੀਆਂ ਅੱਖਾਂ ਦੇ ਨਾਲ ਆਪਣੀਆਂ ਦਰਦ ਭਰੀਆਂ ਕਹਾਣੀਆਂ ਸੁਣਾਈਆਂ। ਅਫਗਾਨਿਸਤਾਨ ਤੋਂ ਭਾਰਤ ਪਹੁੰਚੇ ਅਫ਼ਗਾਨੀ ਸਿੱਖ ਐੱਮਪੀ ਨਰਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣਾ ਦੁੱਖ ਪ੍ਰਗਟ ਕਰਦਿਆਂ ਭਾਵੁਕ ਹੋ ਕੇ ਕਿਹਾ ਕਿ ‘ਮੈਨੂੰ ਰੋਣਾ ਆ ਰਿਹਾ ਹੈ। ਜੋ ਵੀ 20 ਸਾਲਾਂ ਵਿੱਚ ਬਣਾਇਆ ਸੀ, ਉਹ ਹੁਣ ਖਤਮ ਹੋ ਗਿਆ ਹੈ। ਸਭ ਕੁੱਝ ਜ਼ੀਰੋ ਹੋ ਗਿਆ ਹੈ।’ ਉਸੇ ਸਮੇਂ ਹਿੰਡਨ ਏਅਰ ਫੋਰਸ ਸਟੇਸ਼ਨ ‘ਤੇ ਉਤਰਨ ਵਾਲੀ ਇੱਕ ਅਫਗਾਨ ਬੀਬੀ ਨੇ ਦੱਸਿਆ ਕਿ ਤਾਲਿਬਾਨ ਨੇ ਉਸ ਦਾ ਘਰ ਸਾੜ ਦਿੱਤਾ ਹੈ। ਉਸ ਨੇ ਕਿਹਾ ਕਿ, ‘ਅਫ਼ਗਾਨਿਸਤਾਨ ਦੇ ਹਾਲਾਤ ਵਿਗੜ ਰਹੇ ਹਨ, ਇਸ ਲਈ ਮੈਂ ਆਪਣੀ ਧੀ ਅਤੇ ਦੋ ਪੋਤੇ -ਪੋਤੀਆਂ ਨਾਲ ਇੱਥੇ ਆਈ ਹਾਂ। ਸਾਡੇ ਭਾਰਤੀ ਭੈਣ -ਭਰਾ ਸਾਨੂੰ ਬਚਾਉਣ ਲਈ ਅੱਗੇ ਆਏ।” ਆਪਣਾ ਮੁਲਕ ਅਤੇ ਆਪਣੀ ਧਰਤੀ ਛੱਡਣ ਦਾ ਦੁੱਖ ਕਿਸਨੂੰ ਨਹੀਂ ਹੁੰਦਾ।