‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨ ਸਿੱਖ ਸੰਸਦ ਅਨਾਰਕਲੀ ਕੌਰ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਅਗਲੇ ਮਹੀਨੇ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਅਸੀਂ ਕਿੱਥੇ ਹੋਵਾਂਗੇ। ਅਸੀਂ ਇੱਕ ਹੀ ਕੱਪੜਿਆਂ ਵਿੱਚ ਅਫਗਾਨਿਸਤਾਨ ਛੱਡ ਕੇ ਇੱਧਰ ਆ ਗਏ। ਇੱਥੇ ਅਸੀਂ ਸੁਰੱਖਿਅਤ ਹਾਂ ਪਰ ਸਾਡੀ ਸੋਚ, ਸਾਡਾ ਦਿਮਾਗ ਅਫ਼ਗਾਨਿਸਤਾਨ ਵਿੱਚ ਫਸੇ ਲੋਕਾਂ ਦੇ ਨਾਲ ਹੈ। ਏਅਰਪੋਰਟ ‘ਤੇ ਬਹੁਤ ਭੀੜ ਹੈ, ਬਹੁਤ ਬੁਰਾ ਹਾਲ ਹੈ। ਉੱਥੋਂ ਦੇ ਲੋਕ ਇਹ ਸੋਚ ਰਹੇ ਹਨ ਕਿ ਉੱਥੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ, ਉੱਥੋਂ ਦੇ ਲੋਕਾਂ ਕੋਲ ਦੂਜੇ ਮੁਲਕਾਂ ਵਿੱਚ ਜਾਣ ਲਈ ਦਸਤਾਵੇਜ਼ ਨਹੀਂ ਹਨ, ਪਾਸਪੋਰਟ ਨਹੀਂ ਹਨ ਪਰ ਉਨ੍ਹਾਂ ਨੂੰ ਇੱਕ ਹੀ ਉਮੀਦ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਕੋਈ ਮੌਕਾ ਮਿਲਿਆ ਤਾਂ ਉਹ ਅਫ਼ਗਾਨਿਸਤਾਨ ਛੱਡ ਕੇ ਚਲੇ ਜਾਣ, ਇਸੇ ਲਈ ਏਅਰਪੋਰਟ ‘ਤੇ ਲੋਕਾਂ ਦੀ ਬਹੁਤ ਭੀੜ ਹੈ। ਅਫ਼ਗਾਨਿਸਤਾਨ ਵਿੱਚ ਹਾਲੇ ਕੋਈ ਸਰਕਾਰ ਨਹੀਂ ਹੈ। ਉੱਥੇ ਤਾਲਿਬਾਨ ਦੇ ਨਾਂ ‘ਤੇ ਲੋਕਾਂ ਨੂੰ ਛੇੜਿਆ ਜਾ ਰਿਹਾ ਹੈ, ਲੋਕਾਂ ਦੇ ਘਰਾਂ ਵਿੱਚ 20-50 ਬੰਦੇ ਜਾ ਕੇ ਬੈਠ ਕੇ ਉਨ੍ਹਾਂ ਕੋਲੋਂ ਖਾਣ ਲਈ ਖਾਣਾ ਮੰਗਦੇ ਹਨ। ਅਫ਼ਗਾਨਿਸਤਾਨ ਵਿੱਚ ਸਾਰੇ ਆਫ਼ਿਸ ਬੰਦ ਹਨ, ਬੈਂਕ ਬੰਦ ਹਨ। ਅਫ਼ਗਾਨਿਸਤਾਨ ਦੇ ਬਾਜ਼ਾਰਾਂ ਵਿੱਚ ਖਾਣ-ਪੀਣ ਦਾ ਸਮਾਨ ਬਹੁਤ ਮਹਿੰਗਾ ਮਿਲ ਰਿਹਾ ਹੈ। ਲੋਕਾਂ ‘ਤੇ ਹਾਲਾਤ ਬਹੁਤ ਸਖ਼ਤ ਹਨ। ਅੱਠ ਦਿਨਾਂ ਤੋਂ ਤਾਲਿਬਾਨ ਦਾ ਪੂਰੇ ਅਫ਼ਗਾਨਿਸਤਾਨ ‘ਤੇ ਕਬਜ਼ਾ ਹੋਇਆ ਪਿਆ ਹੈ। ਪਿਛਲੇ ਇੱਕ ਮਹੀਨੇ ਤੋਂ ਅਫ਼ਗਾਨਿਸਤਾਨ ਵਿੱਚ ਬਹੁਤ ਹਿੰਸਾ ਹੋ ਰਹੀ ਸੀ। ਜਗ੍ਹਾ-ਜਗ੍ਹਾ ‘ਤੇ ਬੰਬ ਫੁੱਟਦੇ ਸਨ।