‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੋਪੜ ਵਿੱਚ ਫ੍ਰੀ ਸਵਾਰੀ ਨੂੰ ਲੈ ਕੇ ਅੱਜ ਹੰਗਾਮਾ ਹੋਇਆ ਹੈ। ਇੱਕ ਲੜਕੀ ਅਤੇ ਬੱਸ ਵਾਲਿਆਂ ਵਿਚਾਲੇ ਝਗੜਾ ਹੋਣ ਤੋਂ ਬਾਅਦ ਲੜਕੀ ਨੇ ਆਪਣੇ ਮਾਪਿਆਂ ਨੂੰ ਰੋਪੜ ਦੇ ਬੱਸ ਅੱਡੇ ‘ਤੇ ਫੋਨ ਕਰਕੇ ਬੁਲਾ ਲਿਆ ਸੀ, ਜਿਸ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਨੇ ਲੜਕੀ ਦੇ ਪਿਤਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕੁੱਟਮਾਰ ਵਿੱਚ ਲੜਕੀ ਦੇ ਪਿਤਾ ਦੀ ਪੱਗ ਵੀ ਉਤਰ ਗਈ। ਘਟਨਾ ਮੌਕੇ ਪੁਲਿਸ ਵੀ ਉੱਥੇ ਮੌਜੂਦ ਸੀ।
ਇਹ ਲੜਕੀ ਪਟਿਆਲਾ ਤੋਂ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਚੜੀ ਸੀ। ਲੜਕੀ ਦੇ ਪਿਤਾ ਨੇ ਕਿਹਾ ਕਿ ਬੱਸ ਵਾਲਿਆਂ ਨੇ ਲੜਕੀ ਦੀ ਗਲਤ ਟਿਕਟ ਕੱਟੀ ਅਤੇ ਲੜਕੀ ਨੂੰ ਬੱਸ ਵਿੱਚ ਟਿਕਟ ਨੂੰ ਲੈ ਕੇ ਜ਼ਲੀਲ ਵੀ ਕੀਤਾ। ਬੱਸ ਵਾਲਿਆਂ ਨੇ ਕਿਹਾ ਕਿ ਲੜਕੀ ਨੇ ਆਪਣਾ ਪਛਾਣ ਪੱਤਰ ਨਹੀਂ ਦਿਖਾਇਆ ਸੀ, ਹਾਲਾਂਕਿ, ਲੜਕੀ ਨੇ ਕਿਹਾ ਕਿ ਉਸਨੇ ਆਪਣਾ ਆਧਾਰ ਕਾਰਡ ਬੱਸ ਕੰਡਕਟਰ ਨੂੰ ਦਿਖਾਇਆ ਸੀ।